ਕਿਸਾਨਾਂ ਦੀ ਆਮਦਨ ਵਧਾਉਣ ਲਈ ਬਕਰੀਆਂ ਪਾਲਣ ਦੇ ਧੰਦੇ ਨੂੰ ਕੀਤਾ ਜਾ ਰਿਹੈ ਉਤਸ਼ਾਹਿਤ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਆਰਥਕ ਅਤੇ ਸਮਾਜਕ ਪੱਧਰ ਉਚਾ ਚੁੱਕਣ ਲਈ ਬੱਕਰੀ ਪਾਲਣ ਧੰਦੇ ਨੂੰ ਸੂਬੇ ਵਿਚ ਉਤਸ਼ਾਹਤ.....

Cabinet Minister Balbir Singh Sidhu

ਬਠਿੰਡਾ : ਪੰਜਾਬ ਸਰਕਾਰ ਵਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਆਰਥਕ ਅਤੇ ਸਮਾਜਕ ਪੱਧਰ ਉਚਾ ਚੁੱਕਣ ਲਈ ਬੱਕਰੀ ਪਾਲਣ ਧੰਦੇ ਨੂੰ ਸੂਬੇ ਵਿਚ ਉਤਸ਼ਾਹਤ ਕਰਨ ਵਾਸਤੇ ਜ਼ਿਲ੍ਹਾ ਬਠਿੰਡਾ ਦੀ ਤਲਵੰਡੀ ਸਾਬੋ ਤਹਿਸੀਲ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ ਗਿਆ ਹੈ। ਇਹ ਜਾਣਕਾਰੀ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਅੱਜ ਤਲਵੰਡੀ ਸਾਬੋ ਵਿਖੇ ਪਸ਼ੂ ਪਾਲਣ ਅਤੇ ਕਿਰਤ ਵਿਭਾਗ ਦੇ ਜਾਗਰੂਕਤਾ ਕੈਪਾਂ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਦਿਤੀ।

ਉਨ੍ਹਾਂ ਦਸਿਆ ਕਿ ਇਸ ਚਾਲੂ ਵਿੱਤੀ ਸਾਲ ਦੌਰਾਨ 34.05 ਲੱਖ ਰੁਪਏ ਜਾਰੀ ਕਰ ਕੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ, ਸੰਗਰੂਰ ਅਤੇ ਮਾਨਸਾ ਵਿਚ ਅੱਜ ਤੋਂ ਇਸ ਕੰਮ ਦੀ ਸ਼ੁਰੂ ਕਰ ਦਿਤੀ ਗਈ ਹੈ। ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਪੰਜ ਸਾਲਾ ਸਕੀਮ ਤਹਿਤ 313.19 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਸ ਪ੍ਰਾਜੈਕਟ ਵਿਚ ਬੀਟਲ ਨਸਲ ਦੀਆਂ ਬੱਕਰੀਆਂ ਦੇ ਨਸਲ ਸੁਧਾਰ ਪ੍ਰੋਗਰਾਮ ਨੂੰ ਇਨ੍ਹਾਂ ਜ਼ਿਲ੍ਹਿਆਂ ਵਿਚ ਲਾਗੂ ਕੀਤਾ ਜਾਵੇਗਾ। ਸ. ਸਿੱਧੂ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਮੇਮਣੇ ਤੇ ਕੱਟੀਆਂ ਅਤੇ ਹੱਥ ਟੋਕਾ ਮਸ਼ੀਨਾਂ ਦੀਆਂ ਤਿੰਨ ਵੱਖੋ-ਵੱਖਰੀਆਂ ਸਕੀਮਾਂ ਲਈ ਪੰਜਾਬ ਦੇ

ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ 1500 ਪ੍ਰਵਾਰ ਚੁਣੇ ਗਏ ਹਨ। ਇਨ੍ਹਾਂ ਤਿੰਨਾਂ ਸਕੀਮਾਂ ਤਹਿਤ ਇਨ੍ਹਾਂ ਪ੍ਰਵਾਰਾਂ ਨੂੰ 1.5 ਕਰੋੜ ਰੁਪਏ ਦਿਤੇ ਜਾ ਰਹੇ ਹਨ। ਸ. ਸਿੱਧੂ ਨੇ ਦਸਿਆ ਕਿ ਉਪਰੋਕਤ ਤਿੰਨੇ ਸਕੀਮਾਂ ਤਹਿਤ ਪੂਰੇ ਪੰਜਾਬ ਵਿਚ 50 ਲੱਖ ਰੁਪਏ ਪ੍ਰਤੀ ਸਕੀਮ ਦੇ ਹਿਸਾਬ ਨਾਲ ਕੁੱਲ 1.5 ਕਰੋੜ ਰੁਪਏ ਵੰਡੇ ਜਾ ਰਹੇ ਹਨ। ਸਮਾਗਮ ਦੌਰਾਨ  ਸ. ਸਿੱਧੂ ਅਤੇ ਇਕੱਠ ਨੇ ਦੋ ਮਿੰਟ ਦਾ ਮੌਨ ਧਾਰ ਕੇ ਪੁਲਵਾਮਾ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ਼. ਦੇ ਜਵਾਨਾਂ ਨੂੰ ਸ਼ਰਧਾਂਜ਼ਲੀ ਦਿਤੀ। ਇਸ ਮੌਕੇ ਡਾ. ਗੁਰਦੀਪ ਸਿੰਘ ਪ੍ਰੋਜੈਕਟਰ ਕੁਆਰਡੀਨੇਟਰ ਮੁਹਾਲੀ, ਮੰਤਰੀ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਸ਼ਰਮਾ ਮਛਲੀ ਕਲਾਂ ਵੀ ਹਾਜ਼ਰ ਸਨ।