ਗ਼ਰੀਬ ਕਿਸਾਨਾਂ ਨੂੰ ਤਾਰ ਲਾਉਣ ਲਈ ਵਿਸ਼ੇਸ਼ ਰਾਹਤ ਬਾਰੇ ਵਿਚਾਰ ਕਰਾਂਗੇ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਢੀ ਇਲਾਕਿਆਂ ਵਿਚ ਗ਼ਰੀਬ ਕਿਸਾਨਾਂ ਦੀਆਂ ਫ਼ਸਲਾਂ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਕੰਢਿਆਲੀ ਤਾਰ ਲਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਰਾਹਤ ਦੇਣ.......

Amarinder Singh

ਚੰਡੀਗੜ੍ਹ  : ਕੰਢੀ ਇਲਾਕਿਆਂ ਵਿਚ ਗ਼ਰੀਬ ਕਿਸਾਨਾਂ ਦੀਆਂ ਫ਼ਸਲਾਂ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਕੰਢਿਆਲੀ ਤਾਰ ਲਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਰਾਹਤ ਦੇਣ 'ਤੇ ਵਿਚਾਰ ਕਰੇਗੀ। ਇਹ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਲਾਂ ਦੇ ਜਵਾਬ ਦੇਣ ਸਮੇਂ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਦਿਤਾ। ਖਰੜ ਹਲਕੇ ਤੋਂ ਆਪ ਦੇ ਵਿਧਾਇਕ ਕੰਵਰ ਸੰਧੂ ਨੇ ਮੰਗ ਕੀਤੀ ਸੀ ਕਿ ਕੰਢੀ ਇਲਾਕਿਆਂ ਵਿਚ ਬਹੁਤ ਗ਼ਰੀਬ ਕਿਸਾਨ ਵੀ ਹਨ ਜੋ ਅਪਣੀਆਂ ਫ਼ਸਲਾਂ ਜਾਨਵਰਾਂ ਤੋਂ ਬਚਾਉਣ ਲਈ ਕੰਢਿਆਲੀ ਤਾਰ ਲਾਉਣ ਤੋਂ ਅਸਮਰਥ ਹਨ।

ਬੇਸ਼ਕ ਸਰਕਾਰ ਦੀ ਇਕ ਸਕੀਮ ਅਧੀਨ ਕੰਢੀ ਦੇ ਇਲਾਕਿਆਂ ਵਿਚ ਕੰਢਿਆਲੀ ਤਾਰ ਲਾਉਣ ਲਈ ਕਿਸਾਨਾਂ ਨੂੰ 50 ਫ਼ੀ ਸਦੀ ਸਬਸਿਡੀ ਦਿਤੀ ਜਾਂਦੀ ਹੈ। ਪ੍ਰੰਤੂ ਗ਼ਰੀਬ ਕਿਸਾਨ 50 ਫ਼ੀ ਸਦੀ ਖ਼ਰਚਾ ਕਰਨ ਦੇ ਵੀ ਸਮਰੱਥ ਨਹੀਂ। ਇਸ ਲਈ ਉਹ ਮਿਲਦੀ ਸਬਸਿਡੀ ਦੀ ਸਹੂਲਤ ਵੀ ਨਹੀਂ ਲੈ ਪਾਉਂਦੇ। ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਊਸ ਵਿਚ ਭਰੋਸਾ ਦਿਤਾ ਕਿ ਸਰਕਾਰ ਇਸ ਮਸਲੇ 'ਤੇ ਵਿਚਾਰ ਕਰ ਲਵੇਗੀ। ਆਪ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਸਵਾਲ ਪੁਛਿਆ ਸੀ ਕਿ ਕੰਢੀ ਇਲਾਕਿਆਂ ਵਿਚ ਜੰਗਲੀ ਜਾਨਵਰਾਂ ਦੀ ਭਰਮਾਰ ਕਾਰਨ ਉਹ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰਦੇ ਹਨ।

ਕਿਸਾਨ ਦੁਖੀ ਹਨ, ਕੀ ਇਸ ਸਬੰਧੀ ਸਰਕਾਰ ਦੀ ਕੋਈ ਯੋਜਨਾ ਹੈ। ਜੰਗਲਾਤ ਮਹਿਕਮੇ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਸਰਕਾਰ ਨੇ ਕੰਢਿਆਲੀ ਤਾਰ ਲਾਉਣ ਲਈ ਸਬਸਿਡੀ ਦੀ ਸਕੀਮ ਆਰੰਭੀ ਹੈ। ਫ਼ਸਲਾ ਬਚਾਉਣ ਲਈ ਕੰਢਿਆਲੀ ਤਾਰ ਲਗਾਉਣ ਵਾਲੇ ਕਿਸਾਨਾਂ ਨੂੰ 50 ਫ਼ੀ ਸਦੀ ਸਬਸਿਡੀ ਦਿਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਜੇਕਰ 5-7 ਕਿਸਾਨ ਇਕੱਠੇ ਹੋ ਕੇ ਕੰਢਿਆਲੀ ਤਾਰ ਲਾਉਣ ਤਾਂ ਉਨ੍ਹਾਂ ਨੂੰ 60 ਫ਼ੀ ਸਦੀ ਸਬਸਿਡੀ ਦਿਤੀ ਜਾਂਦੀ ਹੈ। ਕੰਵਰ ਸੰਧੂ ਨੇ ਕਿਹਾ ਕਿ ਪੂਰੇ ਪਿੰਡ ਦੀਆਂ ਫ਼ਸਲਾ ਬਚਾਉਣ ਲਈ ਜੇਕਰ ਪਿੰਡ ਪੱਧਰ 'ਤੇ ਤਾਰ ਲਗਾਈ ਜਾਵੇ ਤਾਂ ਖ਼ਰਚਾ ਵੀ ਘੱਟ ਆਵੇਗਾ ਅਤੇ ਇਸ ਦਾ ਲਾਭ ਵੀ ਜ਼ਿਆਦਾ ਹੋਵੇਗਾ। ਮੁੱਖ ਮੰਤਰੀ ਨੇ ਇਸ ਸੁਝਾਅ 'ਤੇ ਗ਼ੌਰ ਕਰਨ ਦੀ ਗੱਲ ਕਹੀ।