ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਮਿਲੀਆਂ 2 ਹੋਰ ਲਾਸ਼ਾਂ, ਬਚਾਅ ਕਾਰਜ ਜਾਰੀ
ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਮਿਲੀਆਂ 2 ਹੋਰ ਲਾਸ਼ਾਂ, ਬਚਾਅ ਕਾਰਜ ਜਾਰੀ
ਮਰਨ ਵਾਲਿਆਂ ਦੀ ਗਿਣਤੀ 58 ਹੋਈ
ਤਪੋਵਨ, 16 ਫ਼ਰਵਰੀ: ਉਤਰਾਖੰਡ ਦੀ ਆਫ਼ਤ ਪ੍ਰਭਾਵਤ ਤਪੋਵਨ ਸੁਰੰਗ ਤੋਂ ਮੰਗਲਵਾਰ ਨੂੰ 2 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਪਿਛਲੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫ਼ੌਜ ਸਣੇ ਵੱਖ-ਵੱਖ ਏਜੰਸੀਆਂ ਦੀ ਸਾਂਝੀ ਬਚਾਅ ਅਤੇ ਤਲਾਸ਼ੀ ਮੁਹਿੰਮ ਜੰਗੀ ਪੱਧਰ 'ਤੇ ਚੱਲ ਰਹੀ ਹੈ | ਲਾਸ਼ਾਂ ਨੂੰ ਰਖਣ ਲਈ ਤਪੋਵਨ 'ਚ ਬਣਾਏ ਗਏ ਅਸਥਾਈ ਮੁਰਦਾਘਰ 'ਚ ਤਾਇਨਾਤ ਇਕ ਅਧਿਕਾਰੀ ਨੇ ਦਸਿਆ ਕਿ ਸੁਰੰਗ ਤੋਂ ਹੁਣ ਤਕ 11 ਲਾਸ਼ਾਂ ਕਢੀਆਂ ਜਾ ਚੁਕੀਆਂ ਹਨ |
7 ਫ਼ਰਵਰੀ ਨੂੰ ਚਮੋਲੀ ਜ਼ਿਲ੍ਹੇ ਦੀ ਰਿਸ਼ੀਗੰਗਾ ਘਾਟੀ 'ਚ ਆਏ ਹੜ੍ਹ ਦੇ ਸਮੇਂ ਐੱਨ.ਟੀ.ਪੀ.ਸੀ. ਦੀ 520 ਮੈਗਾਵਾਟ ਤਪੋਵਨ-ਵਿਸ਼ਨੂੰਗਾੜ੍ਹ ਜਲ-ਬਿਜਲੀ ਪ੍ਰਾਜੈਕਟ ਦੀ ਇਸ ਸੁਰੰਗ 'ਚ ਲੋਕ ਕੰਮ ਕਰ ਰਹੇ ਸਨ | ਨਿਰਮਾਣ ਅਧੀਨ ਤਪੋਵਨ-ਵਿਸ਼ਨੂੰਗਾੜ੍ਹ ਪ੍ਰਾਜੈਕਟ ਨੂੰ ਹੋਏ ਭਾਰੀ ਨੁਕਸਾਨ ਤੋਂ ਇਲਾਵਾ, ਰੈਂਣੀ 'ਚ ਸਥਿਤ 13.2 ਮੈਗਾਵਾਟ ਰਿਸ਼ੀਗੰਗਾ ਜਲ-ਬਿਜਲੀ ਪ੍ਰਾਜੈਕਟ ਵੀ ਹੜ੍ਹ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ | ਆਫ਼ਤ ਪੀੜਤ ਖੇਤਰ ਤੋਂ ਹੁਣ ਤਕ ਕੁਲ 58 ਲਾਸ਼ਾਂ ਬਰਾਮਦ ਕੀਤੀਆਂ ਹਨ ਜਦਕਿ 146 ਲੋਕ ਅਜੇ ਵੀ ਲਾਪਤਾ ਹਨ | (ਏਜੰਸੀ)
0------