'ਕੇਸਰੀ' ਅਤੇ 'ਐਮਐਸ ਧੋਨੀ' ਵਰਗੀਆਂ ਫ਼ਿਲਮਾਂ 'ਚ ਕੀਤਾ ਕੰਮ
ਮੁੰਬਈ, 16 ਫ਼ਰਵਰੀ : ਪੁਲਿਸ ਦੀ ਮੁਢਲੀ ਜਾਂਚ ਅਨੁਸਾਰ ਅਦਾਕਾਰ ਸੰਦੀਪ ਨਾਹਰ ਨੇ ਮੁੰਬਈ ਦੇ ਉਪਨਗਰ ਇਲਾਕੇ ਗੋਰੇਗਾਂਵ ਵਿਚ ਅਪਣੇ ਫਲੈਟ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਅਤੇ ਅਦਾਕਾਰ ਨੇ ਫੇਸਬੁੱਕ ਉੱਤੇ ਪੋਸਟ ਕੀਤੀ ਇਕ ਵੀਡੀਉ ਵਿਚ ਅਪਣੀ ਪਤਨੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ | ਸੁਸਾਈਡ ਨੋਟ ਵਿਚ ਬਾਲੀਵੁਡ ਦੀ 'ਰਾਜਨੀਤੀ' ਦਾ ਵੀ ਜ਼ਿਕਰ ਕੀਤਾ ਹੈ | ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ |
ਪੁਲਿਸ ਅਨੁਸਾਰ, ਨਾਹਰ ਸੋਮਵਾਰ ਸ਼ਾਮ ਉਸ ਦੀ ਪਤਨੀ ਕੰਚਨ ਅਤੇ ਦੋਸਤਾਂ ਨੂੰ ਬੇਹੋਸ਼ ਮਿਲਿਆ ਸੀ ਅਤੇ ਉਹ ਉਸ ਨੂੰ ਐਸਵੀਆਰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿਤਾ |
ਨਾਹਰ ਲਗਭਗ 30 ਸਾਲਾਂ ਦਾ ਸੀ | ਉਨ੍ਹਾਂ ਨੇ ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ 'ਐਮਐਸ ਧੋਨੀ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ |
ਆਪਣੀ ਮੌਤ ਤੋਂ ਕੁੱਝ ਘੰਟੇ ਪਹਿਲਾਂ, ਅਦਾਕਾਰ ਨੇ ਫੇਸਬੁੱਕ 'ਤੇ ਇਕ ਵੀਡੀਉ ਅਤੇ ਇਕ 'ਸੁਸਾਈਡ ਨੋਟ' ਪੋਸਟ ਕੀਤਾ ਸੀ, ਜਿਸ ਵਿਚ ਉਸ ਨੇ ਕਥਿਤ ਤੌਰ 'ਤੇ ਅਪਣੀ ਪਤਨੀ ਨੂੰ ਇਸ ਕਦਮ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਬਾਲੀਵੁਡ ਵਿਚ ''ਰਾਜਨੀਤੀU ਨਾਲ ਲੜਨ ਦਾ ਵੀ ਜ਼ਿਕਰ ਕੀਤਾ ਸੀ |
ਅਧਿਕਾਰੀ ਨੇ ਕਿਹਾ ਕਿ ਨਾਹਰ ਦਾ ਕਮਰਾ ਅੰਦਰੋਂ ਬੰਦ ਸੀ ਅਤੇ ਵਾਰ ਵਾਰ ਦਰਵਾਜ਼ੇ 'ਤੇ ਧੱਕਾ ਮਾਰਨ ਤੋਂ ਬਾਅਦ ਕੋਈ ਜਵਾਬ ਨਹੀਂ ਮਿਲਿਆ, ਫਿਰ ਉਸ ਦੀ ਪਤਨੀ ਨੇ ਅਪਣੇ ਦੋਸਤਾਂ ਨੂੰ ਬੁਲਾਇਆ, ਕਮਰੇ ਦਾ ਮਾਲਕ ਅਤੇ ਚਾਬੀ ਬਣਾਉਣ ਵਾਲੇ ਨੂੰ ਬੁਲਾਇਆ ਅਤੇ ਕਮਰਾ ਖੋਲਿ੍ਹਆ ਗਿਆ | ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ ਨਾਹਰ ਦਾ ਪਿਤਾ ਅਤੇ ਭਰਾ ਅੰਤਮ ਸਸਕਾਰ ਲਈ ਲਾਸ਼ ਦਾ ਦਾਅਵਾ ਕਰਨ ਲਈ ਗੋਰੇਗਾਂਵ ਥਾਣੇ ਪਹੁੰਚੇ | ਪੁਲਿਸ ਅਨੁਸਾਰ ਅਜੇ ਤਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਉਸ ਨੇ ਹਾਦਸੇ ਵਿਚ ਹੋਈ ਮੌਤ ਦਾ ਕੇਸ ਦਰਜ ਕਰ ਲਿਆ ਹੈ ਅਤੇ ਉਹ ਪੋਸਟ ਮਾਰਟਮ ਦੀ ਰੀਪੋਰਟ ਦਾ ਇੰਤਜ਼ਾਰ ਕਰ ਰਹੀ ਹੈ | (ਪੀਟੀਆਈ)
-------