ਸੁਰੱਖਿਆ ਦੇ ਸਖ਼ਤ ਪ੍ਰਬੰਧ ਵਿਚਕਾਰ ਜਲਦ ਆਉਣਗੇ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਚੋਣਾਂ ਦੇ ਨਤੀਜੇ
ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰਾਂ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ
ਚੰਡੀਗੜ੍ਹ - 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਅੱਜ ਕੀਤਾ ਜਾਵੇਗਾ। ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ। ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਨਤੀਜਿਆਂ ਨੂੰ ਲੈ ਕੇ ਪੁਲਿਸ ਵਲੋਂ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋ ਚੁੱਕੀ ਹੈ। ਖੰਨਾ ਵਿਖੇ ਗਿਣਤੀ ਸ਼ੁਰੂ ਹੁੰਦੇ ਹੀ ਪਹਿਲਾਂ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਚੋਣ ਗਿਣਤੀ ਵਾਲੀ ਥਾਂ ਦੇ ਨੇੜੇ ਇਕੱਠੇ ਹੋਏ ਦਿਖਾਈ ਦੇ ਰਹੇ ਹਨ। ਨਗਰ ਨਿਗਮ ਪਠਾਨਕੋਟ ਤੇ ਨਗਰ ਕੌਂਸਲ ਸੁਜਾਨਪੁਰ ਦੀਆਂ ਵੋਟਾਂ ਦੀ ਗਿਣਤੀ ਅੱਜ ਪਠਾਨਕੋਟ ਦੇ ਐਸ ਐਮ ਡੀ ਆਰ ਐਸ ਡੀ ਕਾਲਜ ਵਿਖੇ ਬਣਾਏ ਗਏ ਗਿਣਤੀ ਕੇਂਦਰ ਵਿਚ ਸ਼ੁਰੂ ਹੋ ਗਈ ਹੈ।
ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਦੀਆਂ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 9 ਵਜੇ ਸਥਾਨਕ ਜੇ. ਆਰ. ਪੌਲੀਟੈਕਨਿਕ ਕਾਲਜ 'ਚ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰਾਂ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਬਟਾਲਾ ਨਗਰ ਨਿਗਮ ਦੀਆਂ ਚੋਣਾਂ ਦੀ ਗਿਣਤੀ ਅੱਜ ਬਟਾਲਾ ਦੇ ਬੇਰਿੰਗ ਕਾਲਜ ਵਿਚ ਸ਼ੁਰੂ ਹੋ ਗਈ ਹੈ, ਜਿਸ ਦੇ ਜਲਦੀ ਹੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।