ਕਿਸਾਨ ਸੰਘਰਸ਼ ਦੇ ਚਲਦਿਆਂ ਕਿਸ ਪਾਰਟੀ ਨੇ ਜਿੱਤਿਆ ਲੋਕਾਂ ਦਾ ਭਰੋਸਾ, ਨਤੀਜਿਆਂ ਮਗਰੋਂ ਚਲੇਗਾ ਪਤਾ
ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਵਿਚਕਾਰ ਹੀ ਪੰਜਾਬ ਲੋਕਲ ਬੌਡੀ ਦੀਆਂ ਚੋਣਾਂ ਹੋਈਆਂ ਹਨ। 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਅੱਜ ਕੀਤਾ ਜਾਵੇਗਾ। ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ। ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਨ੍ਹਾਂ ਚੋਣਾਂ ਤੋਂ ਹੀ ਸਿਆਸੀ ਪਾਰਟੀਆਂ ਆਪਣੇ ਰਿਪੋਰਟ ਕਾਰਡ ਦਾ ਹਿਸਾਬ ਲਾਉਣਗੀਆਂ ਤੇ ਅਗਲੇਰੀ ਰਣਨੀਤੀ ਤੈਅ ਕਰਨਗੀਆਂ। ਦੱਸਣਯੋਗ ਹੈ ਕਿ ਜਦੋਂ ਖੇਤੀ ਕਾਨੂੰਨਾਂ ਖਿਲਾਫ ਵਿਦਰੋਹ ਸ਼ੁਰੂ ਹੋਇਆ ਸੀ ਤਾਂ ਲੋਕਾਂ ਨੇ ਬੀਜੇਪੀ ਨੂੰ ਛੱਡ ਇਕ-ਇਕ ਕਰਕੇ ਕਾਂਗਰਸ, 'ਆਪ' ਤੇ ਅਕਾਲੀ ਦਲ ਸਭ ਨੇ ਹੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਸੀ। ਇੱਥੋਂ ਤਕ ਕਿ ਅਕਾਲੀ ਦਲ ਨੇ ਤਾਂ ਬੀਜੇਪੀ ਨਾਲੋਂ ਨਾਤਾ ਵੀ ਤੋੜ ਲਿਆ ਤੇ ਹਰਸਮਿਰਤ ਕੌਰ ਬਾਦਲ ਨੇ ਕੇਂਦਰ ਦੀ ਵਜੀਰੀ ਛੱਡ ਦਿੱਤੀ ਪਰ ਹੁਣ ਨਤੀਜਿਆਂ ਮਗਰੋਂ ਹੀ ਪਤਾ ਚਲੇਗਾ ਕਿਸ ਪਾਰਟੀ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ।
ਗੌਰਤਲਬ ਹੈ ਕਿ ਇਸ ਮੌਕੇ ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਤੁਰੰਤ ਮਾਇਕਰੋ ਅਬਜ਼ਰਵਰ ਨਿਯੁਕਤ ਕੀਤੇ ਜਾਣ।