ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਮੌਜੂਦਾ ਹਾਲਤਾਂ 'ਚ ਮਹਾਂ ਪੰਚਾਇਤਾਂ ਦੇ ਹੱਕ ਵਿਚ ਨਹੀਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਮੌਜੂਦਾ ਹਾਲਤਾਂ 'ਚ ਮਹਾਂ ਪੰਚਾਇਤਾਂ ਦੇ ਹੱਕ ਵਿਚ ਨਹੀਂ

image

ਸਾਰਾ ਧਿਆਨ ਦਿੱਲੀ ਦੀਆਂ ਹੱਦਾਂ 'ਤੇ ਮੋਰਚੇ ਨੂੰ ਹੋਰ ਤਕੜਾ ਕਰਨ ਵਲ ਲਾਉਣਗੇ
ਚੰਡੀਗੜ੍ਹ, 16 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ ਦੀਆਂ 32 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਮੌਜੂਦਾ ਹਾਲਾਤ 'ਚ ਸੂਬੇ ਅੰਦਰ ਮਹਾਂ ਪੰਚਾਇਤਾਂ ਕਰਨ ਦੇ ਹੱਕ ਵਿਚ ਨਹੀਂ ਅਤੇ ਇਨ੍ਹਾਂ ਜਥੇਬੰਦੀਆਂ ਨੇ ਫ਼ਿਲਹਾਲ ਪੰਜਾਚ ਅੰਦਰ ਕਿਸਾਨ ਮਹਾਂ ਪੰਚਾਇਤਾਂ ਤੇ ਕਾਨਫ਼ਰੰਸਾਂ ਦੇ ਪ੍ਰੋਗਰਾਮ ਰੱਦ ਕਰ ਦਿਤੇ ਹਨ | ਇਹ ਅਹਿਮ ਐਲਾਨ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਕੀਤਾ | ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਅਸੀ ਇਸ ਸਮੇਂ ਅਜਿਹੀਆਂ ਮਹਾਂ ਪੰਚਾਇਤਾਂ ਦੀ ਲੋੜ ਨਹੀਂ ਸਮਝਦੇ ਬਲਕਿ ਅਪਣਾ ਸਾਰਾ ਧਿਆਨ ਦਿੱਲੀ ਦੀਆਂ ਹੱਦਾਂ 'ਤੇ ਲੱਗੇ ਮੋਰਚੇ ਦੀ ਹੋਰ ਮਜ਼ਬੂਤੀ ਵਲ ਦੇਣਾ ਚਾਹੁੰਦੇ ਹਾਂ, ਤਾਂ ਜੋ ਕੇਂਦਰ ਸਰਕਾਰ 'ਤੇ ਖੇਤੀ ਕਾਨੂੰਨ ਰੱਦ ਕਰਨ ਦਾ ਦਬਾਅ ਬਣਾਇਆ ਜਾ ਸਕੇ | 
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਹਾਂ ਪੰਚਾਇਤਾਂ ਰੱਦ ਕਰਨ ਦਾ ਫ਼ੈਸਲਾ 32 ਜਥੇਬੰਦੀਆਂ ਦਾ ਹੈ ਨਾ ਕਿ ਸੰਯੁਕਤ ਕਿਸਾਨ ਮੋਰਚੇ ਦਾ | ਬੀ.ਕੇ.ਯੂ. (ਉਗਰਾਹਾਂ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਐਲਾਨੀਆਂ ਜਾ ਚੁੱਕੀਆਂ ਮਹਾਂ ਪੰਚਾਇਤਾਂ ਬਾਰੇ ਉਨ੍ਹਾਂ ਕਿਹਾ ਕਿ ਉਹ 32 ਜਥੇਬੰਦੀਆਂ ਦਾ ਹਿੱਸਾ ਨਹੀਂ ਹਨ ਤੇ ਅਪਣੇ ਪੱਧਰ 'ਤੇ ਜੇ ਮਹਾਂ ਪੰਚਾਇਤਾਂ ਕਰਦੇ ਹਨ ਤਾਂ ਇਹ ਉਨ੍ਹਾਂ 

'ਤੇ ਹੀ ਨਿਰਭਰ ਹੋਵੇਗਾ | ਕਿਰਤੀ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸੱਭ ਜਥੇਬੰਦੀਆਂ ਇਕਜੁੱਟ ਹਨ ਤੇ 26 ਜਨਵਰੀ ਦੇ ਘਟਨਾਕ੍ਰਮ ਬਾਅਦ ਵਾਲੀ ਸਥਿਤੀ ਹੁਣ ਨਹੀਂ |
ਮੋਰਚੇ ਤੋਂ ਉਲਟ ਜਾਣ ਵਾਲੇ ਲੋਕਾ ਨੂੰ 26 ਜਨਵਰੀ ਤੋਂ ਬਾਅਦ ਸਮਝਾਉਣ ਲਈ ਕੁੱਝ ਕਹਿਣਾ ਲਾਜ਼ਮੀ ਸੀ ਪਰ ਸੱਭ ਮੋਰਚੇ 'ਚ ਹਨ ਤੇ ਕਿਸੇ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਤੇ ਅੱਗੇ ਤੋਂ ਗ਼ਲਤੀ ਸੁਧਾਰ ਕੇ ਸੱਭ ਕੰਮ ਕਰ ਸਕਦੇ ਹਨ | ਆਲ ਇੰਡੀਆ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਪੂੰਨਾਵਾਲ ਨੇ ਕਿਹਾ ਕਿ ਕਿਸਾਨ ਮੋਰਚੇ ਦੀਆਂ ਲੀਗਲ ਟੀਮਾਂ ਜੇਲ੍ਹਾਂ ਵਿਚ ਬੰਦ ਕਿਸਾਨਾਂ ਦੀ ਰਿਹਾਈ ਤੇ ਜੇਲ੍ਹਾਂ ਅੰਦਰ ਉਨ੍ਹਾਂ ਦੀ ਸਹਾਇਤਾ ਲਈ ਵੀ ਪੂਰੇ ਯਤਨ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਵੱਖ ਵੱਖ ਜੇਲ੍ਹਾਂ 'ਚ ਬੰਦ ਸਾਰੇ ਕਿਸਾਨਾਂ ਨੂੰ ਇਕ ਥਾਂ ਤਿਹਾੜ ਜੇਲ੍ਹ ਵਿਚ ਇਕੱਠੇ ਰਖਿਆ ਜਾਵੇ ਤਾਂ ਜੋ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ 'ਚ ਆਸਾਨੀ ਹੋ ਸਕੇ |
ਕਿਸਾਨ ਆਗੂ ਬੋਘ ਸਿੰਘ ਮਾਨਸਾ ਤੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ 18 ਫ਼ਰਵਰੀ ਦੀ ਰੇਲ ਰੋਕੋ ਐਕਸ਼ਨ ਦੀ ਕਾਮਯਾਬਰੀ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਹ ਪ੍ਰੋਗਰਾਮ ਸੜਕਾਂ ਦੇ ਚੱਕਾ ਜਾਮ ਨਾਲੋਂ ਵੀ ਜ਼ਿਆਦਾ ਸਫ਼ਲ ਕਰ ਕੇ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਵਾੇਗੀ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਹੋਣ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੀ ਮੰਗ ਪੂਰੀ ਹੋਣ ਤੱਕ ਮੋਰਚਾ ਜਾਰੀ ਰਹੇਗਾ |


ਡੱਬੀ 
ਕਿਸਾਨ ਆਗੂ ਰੁਲਦੂ ਮਾਨਸਾ ਮਹਾਂਪੰਚਾਇਤ ਵਿਚ ਜ਼ਰੂਰ ਸ਼ਾਮਲ ਹੋਣਗੇ
ਕਿਸਾਨ ਅਗੂ ਰੁਲਦੂ ਸਿੰਘ ਨੇ ਕਿਹਾ ਕਿ ਉਹ ਤਾਂ ਕਲ ਮਾਨਸਾ ਮਹਾਂਪੰਚਾਇਤ ਵਿਚ ਜ਼ਰੂਰ ਸ਼ਾਮਲ ਹੋਣਗੇ | ਜੋ ਬਾਕੀਆਂ ਨੇ ਇਤਰਾਜ਼ ਕੀਤਾ ਤਾਂ ''ਮਾਫ਼ੀ ਮੰਗ ਲਵਾਂਗਾ ਪਰ ਕਲ ਦੇ ਸਮਾਗਮ ਵਿਚ ਤਾਂ ਜ਼ਰੂਰ ਜਾਵਾਂਗਾ |'