ਪੰਜਾਬ ਦੇ ਪਹਿਲੇ ਸੂਰਜੀ ਊਰਜਾ ਆਧਾਰਤ ਜਲ ਸਪਲਾਈ ਪ੍ਰਾਜੈਕਟਾਂ ਨਾਲ ਬਿਜਲੀ ਬਿਲ ਹੋਏ ਜ਼ੀਰੋ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਪਹਿਲੇ ਸੂਰਜੀ ਊਰਜਾ ਆਧਾਰਤ ਜਲ ਸਪਲਾਈ ਪ੍ਰਾਜੈਕਟਾਂ ਨਾਲ ਬਿਜਲੀ ਬਿਲ ਹੋਏ ਜ਼ੀਰੋ

image


ਚੰਡੀਗੜ੍ਹ, 16 ਫ਼ਰਵਰੀ (ਸੱਤੀ): ਪੰਜਾਬ ਸਰਕਾਰ ਵਲੋਂ 'ਹਰ ਘਰ ਪਾਣੀ, ਹਰ ਘਰ ਸਫ਼ਾਈ' ਮਿਸ਼ਨ ਤਹਿਤ ਲੋਕਾਂ ਨੂੰ  ਜਲ ਸਪਲਾਈ ਦੀਆਂ ਨਿਰਵਿਘਨ ਅਤੇ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਜਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡਾਂ ਜਗਰਾਵਾਂ, ਮੁਰਾਦਪੁਰ ਅਤੇ ਤਲਵਾੜਾ ਗੋਲ ਵਿਚ ਸੂਰਜੀ ਊਰਜਾ 'ਤੇ ਆਧਾਰਤ ਜਲ ਸਪਲਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਪਹਿਲਕਦਮੀ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਬਿਜਲੀ ਬਿਲ ਜ਼ੀਰੋ ਹੋ ਗਏ ਹਨ | ਇਸ ਪਾਇਲਟ ਪ੍ਰਾਜੈਕਟ ਦੀ ਲਾਗਤ 67.71 ਲੱਖ ਰੁਪਏ ਹੈ |
ਬੁਲਾਰੇ ਨੇ ਦਸਿਆ ਕਿ ਹਰ ਘਰ ਪਾਣੀ ਦਾ ਕੁਨੈਕਸ਼ਨ ਦੇਣ ਲਈ ਇਨ੍ਹਾਂ ਪਿੰਡਾਂ ਵਿਚ 150 ਮੀਟਰ ਡੂੰਘੇ ਟਿਊਬਵੈੱਲਾਂ ਅਤੇ 25000 ਲੀਟਰ ਸਮਰੱਥਾ ਵਾਲੀ ਪਾਣੀ ਦੀਆਂ ਟੈਂਕੀਆਂ ਨਾਲ ਸੂਰਜੀ ਊਰਜਾ ਆਧਾਰਤ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦਸਿਆ ਕਿ ਸੂਰਜੀ ਊਰਜਾ ਸਿਸਟਮ ਰਾਹੀਂ ਬਿਜਲੀ ਪੈਦਾ ਹੁੰਦੀ ਹੈ ਜਿਸ ਨੂੰ  ਪੰਪ ਚਲਾਉਣ ਅਤੇ ਪਿੰਡ ਵਾਸੀਆਂ ਦੇ ਘਰਾਂ ਤਕ ਪਾਣੀ ਦੀ ਸਪਲਾਈ ਲਈ ਵਰਤਿਆ ਜਾਂਦਾ ਹੈ | ਉਨ੍ਹਾਂ ਦਸਿਆ ਕਿ ਸੂਰਜੀ ਊਰਜਾ ਆਧਾਰਤ ਇਸ ਪ੍ਰਾਜੈਕਟ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਬਿਜਲੀ ਬਿਲ ਜ਼ੀਰੋ ਹੋ ਗਿਆ ਹੈ | ਹੁਣ ਇਨ੍ਹਾਂ ਪੰਚਾਇਤਾਂ ਨੂੰ  ਜਲ ਸਪਲਾਈ ਪ੍ਰਾਜੈਕਟ 'ਤੇ ਬਿਜਲੀ ਦਾ ਕੋਈ ਬਿਲ ਨਹੀਂ ਮਿਲ ਰਿਹਾ ਅਤੇ ਇਸ ਪੈਸੇ ਨੂੰ  ਪਿੰਡ ਦੇ ਹੋਰ ਵਿਕਾਸ ਕਾਰਜਾਂ 'ਤੇ ਖ਼ਰਚ ਕੀਤਾ ਜਾ ਰਿਹਾ ਹੈ | ਜਗਰਾਵਾਂ ਪਿੰਡ ਦੀ ਸਰਪੰਚ ਹਰਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਪ੍ਰਾਜੈਕਟ ਦੀ ਬਦੌਲਤ ਜਿਥੇ ਪੰਚਾਇਤ ਬਿਜਲੀ ਬਿਲ ਦੇ ਭਾਰ ਤੋਂ ਮੁਕਤ ਹੋ ਗਈ ਹੈ, ਉਥੇ ਲੋਕਾਂ ਨੂੰ  ਵੀ ਪੀਣ ਯੋਗ ਸਾਫ਼ ਪਾਣੀ ਵੀ ਮਿਲਣ ਲੱਗਾ ਹੈ |