ਮੇਅਰ ਤੋਂ ਬਾਅਦ ਤਿੰਨ ਕੌਂਸਲਰ ਵੀ ‘ਆਪ’ ਵਿਚ ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਮੇਅਰ ਤੋਂ ਬਾਅਦ ਤਿੰਨ ਕੌਂਸਲਰ ਵੀ ‘ਆਪ’ ਵਿਚ ਹੋਏ ਸ਼ਾਮਲ

image

ਅੰਮ੍ਰਿਤਸਰ, 17 ਫ਼ਰਵਰੀ (ਬਹੋੜੂ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਪਣੇ ਹੀ ਜ਼ਿਲ੍ਹੇ ਨੂੰ ਸੰਭਾਲਣ ਤੋਂ ਅਸਮਰਥ ਹਨ। ਇੱਥੇ ਆਮ ਆਦਮੀ ਪਾਰਟੀ ਲਗਾਤਾਰ ਕਾਂਗਰਸ ਨੂੰ ਝਟਕਾ ਦੇ ਰਹੀ ਹੈ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ‘ਆਪ’ ’ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਹੀ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਵੋਟਾਂ ਪੈਣ ਤੋਂ ਠੀਕ ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਦੇ ਤਿੰਨ ਕੌਂਸਲਰ ਗੁਰਜੀਤ ਕੌਰ, ਕੌਂਸਲਰ ਮਨਦੀਪ ਆਹੂਜਾ ਅਤੇ ਕੌਂਸਲਰ ਪ੍ਰਿਅੰਕਾ ਸ਼ਰਮਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
  ਇਹ ਤਿੰਨੋਂ ਕੌਂਸਲਰ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਲ ਹੋਏ ਹਨ। ਵੀਰਵਾਰ ਨੂੰ ਉਨ੍ਹਾਂ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਾਰਟੀ ’ਚ ਸ਼ਾਮਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਹਲਕਾ ਉਤਰੀ ਤੋਂ ‘ਆਪ’ ਦੇ ਉਮੀਦਵਾਰ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਮੌਜੂਦ ਸਨ। ‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਉਤਰੀ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਦੱਤੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦਾ ਨੁਕਸਾਨ ਸੁਨੀਲ ਦੱਤੀ ਨੂੰ ਭੁਗਤਣਾ ਪੈ ਸਕਦਾ ਹੈ।
  ਮੇਅਰ ਕਰਮਜੀਤ ਸਿੰਘ ਰਿੰਟੂ ਬੁੱਧਵਾਰ ਨੂੰ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਉਹ ਕੁਝ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਇਹ ਤਿੰਨੋਂ ਕੌਂਸਲਰ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਖ਼ਾਸਮਖ਼ਾਸ ਹਨ। ਦਸਿਆ ਜਾ ਰਿਹੈ ਕਿ ਹਲਕਾ ਉਤਰੀ ਤੋਂ ਹੀ ਤਿੰਨ ਹੋਰ ਕਾਂਗਰਸੀ ਕੌਂਸਲਰ ਵੀ ਪਾਰਟੀ ਛੱਡ ਕੇ ‘ਆਪ’ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ।
ਫ਼ੋਟੋ : ਅੰਮ੍ਰਿਤਸਰ ਆਪ