CM ਚੰਨੀ ਦੇ ਭਈਆ ਵਾਲੇ ਬਿਆਨ 'ਤੇ ਪ੍ਰਿਯੰਕਾ ਗਾਂਧੀ ਨੇ ਦਿੱਤਾ ਸਪੱਸ਼ਟੀਕਰਨ
'ਬਿਆਨ ਨੂੰ ਗਲਤ ਢੰਗ ਨਾਲ ਕੀਤਾ ਜਾ ਰਿਹਾ ਪੇਸ਼'
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੌਰਾਨ ਆਗੂਆਂ ਦੀਆਂ ਚੋਣ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਜਿਸ 'ਚ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇੱਕ ਬਿਆਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਯੂਪੀ-ਬਿਹਾਰ ਵਾਲੇ ਭਈਆ ਸ਼ਬਦ ਦੀ ਵਰਤੋਂ ਕੀਤੀ ਹੈ। ਸੀਐਮ ਚੰਨੀ ਦੇ ਇਸ ਬਿਆਨ 'ਤੇ ਵਿਰੋਧੀ ਪਾਰਟੀਆਂ ਉਨ੍ਹਾਂ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੀਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਚੰਨੀ ਵਲੋਂ ਭਈਆ ਦਾ ਜ਼ਿਕਰ ਕਰਨ ਵਾਲੇ ਬਿਆਨ ਨੂੰ ਲੈ ਕੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਪੱਸ਼ਟੀਕਰਨ ਦਿੱਤਾ ਹੈ।ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ CM ਚੰਨੀ ਦਾ ਕਹਿਣ ਦਾ ਮਤਲਬ ਸੀ ਕਿ ਪੰਜਾਬ ਉਤੇ ਬਾਹਰੋਂ ਕਿਸੇ ਦਾ ਰਾਜ ਨਹੀਂ ਹੋਵੇਗਾ। ਪੰਜਾਬ ਦੀ ਸਰਕਾਰ ਪੰਜਾਬੀਆਂ ਨੂੰ ਚਲਾਉਣੀ ਚਾਹੀਦੀ ਹੈ।
ਉਹਨਾਂ ਦੇ ਬਿਆਨ ਨੂੰ ਘੁਮਾਇਆ ਜਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਯੂਪੀ ਤੋਂ ਕੋਈ ਇੱਥੇ ਆ ਕੇ ਰਾਜ ਕਰਨਾ ਚਾਹੁੰਦਾ ਹੈ ਅਤੇ ਯੂਪੀ ਵਿੱਚ ਵੀ ਨਹੀਂ ਚਾਹੁੰਦੇ ਕਿ ਕੋਈ ਪੰਜਾਬ ਤੋਂ ਆ ਕੇ ਰਾਜ ਕਰੇ। ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਇਕੋ ਥਾਲੀ ਦੇ ਚੱਟੇ-ਵੱਟੇ ਹਨ। ਦੋਨੋਂ ਵੱਡੀਆਂ- ਵੱਡੀਆਂ ਗੱਲਾਂ ਕਰ ਰਹੇ ਹਨ। ਪੰਜਾਬ ਦੇ ਵਿਕਾਸ ਲਈ ਕੋਈ ਕੰਮ ਨਹੀਂ ਕਰ ਰਿਹਾ।
ਚੰਨੀ ਨੇ ਸਪੱਸ਼ਟ ਕਿਹਾ ਹੈ ਕਿ ਸੂਬੇ ਨੂੰ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਲੋੜ ਹੈ ਜੋ ਆਪਣੇ ਲੋਕਾਂ ਲਈ ਕੰਮ ਕਰੇ। ਦੱਸ ਦੇਈਏ ਕਿ CM ਚੰਨੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪ੍ਰਿਅੰਕਾ ਗਾਂਧੀ ਪੰਜਾਬੀਆਂ ਦੀ ਨੂੰਹ ਹੈ। ਇਹ ਪੰਜਾਬੀ ਹਨ। ਇਸ ਲਈ ਇੱਕ ਪਾਸੇ ਹੋ ਜਾਓ, ਪੰਜਾਬੀਓ। ਯੂਪੀ, ਬਿਹਾਰ ਅਤੇ ਦਿੱਲੀ ਦੇ ਭਈਏ ਇੱਥੋਂ ਰਾਜ ਕਰਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦੇਵਾਂਗੇ।