ਜਲੰਧਰ 'ਚ ਇਨਸਾਨੀਅਤ ਸ਼ਰਮਸਾਰ: 9 ਸਾਲਾਂ ਬੱਚੀ ਨੂੰ ਬਣਾਇਆ ਗਿਆ ਆਪਣੀ ਹਵਸ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਸੂਮ ਨੂੰ ਖੂਨ ਨਾਲ ਲੱਥਪਥ ਹਾਲਤ ‘ਚ ਛੱਡ ਭੱਜ ਗਿਆ ਦਰਿੰਦਾ

Photo

 

ਜਲੰਧਰ : ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ।  ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

 

 

ਅਜਿਹਾ ਹੀ ਮਾਮਲਾ ਜ਼ਿਲ੍ਹਾ ਜਲੰਧਰ ਦੇ ਕਿਸ਼ਨਗੜ੍ਹ ਨਾਲ ਪੈਂਦੇ ਇੱਕ ਪਿੰਡ ਮੰਡ ਮੌੜ ਤੋਂ ਸਾਹਮਣੇ ਆਇਆ ਹੈ, ਜਿੱਥੇ ਲਗਭਗ 35 ਸਾਲਾਂ ਇੱਕ ਵਿਅਕਤੀ ਨੇ 9 ਸਾਲ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਖੂਨ ਨਾਲ ਲੱਥਪਥ ਬੱਚੀ ਨੂੰ ਖੂਹ ਨੇੜੇ ਛੱਡ ਕੇ ਭੱਜ ਗਿਆ।  ਬੱਚੀ ਦਾ ਰੋ-ਰੋ ਬੁਰਾ ਹਾਲ ਸੀ।

 

 

ਪੀੜਤ ਬੱਚੀ ਨੂੰ ਇਸ ਹਾਲਤ ਵਿੱਚ ਦੇਖ ਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਉਸਨੂੰ ਉੱਥੋਂ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਹੈ। ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕੀਤਾ ਗਿਆ।

 

 

ਬੱਚੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਜਾਣ-ਪਹਿਚਾਣ ਦਾ ਇੱਕ ਵਿਅਕਤੀ ਉਹਨਾਂ ਦੀ ਬੱਚੀ ਨੂੰ ਖੂਹ ‘ਤੇ ਲੈ ਗਿਆ, ਜਿੱਥੇ ਉਸਨੇ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਪਿੰਡ ਦੇ ਕਿਸੇ ਕਿਸਾਨ ਦੇ ਖੂਹ ‘ਤੇ ਮਜ਼ਦੂਰੀ ਕਰਦਾ ਹੈ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੈ।