ਬਟਾਲਾ ’ਚ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਧਮਾਕਾ, ਕਈ ਘਰਾਂ ਦੀਆਂ ਖਿੜਕਆਂ ਦੇ ਸ਼ੀਸ਼ੇ ਟੁੱਟੇ 

ਏਜੰਸੀ

ਖ਼ਬਰਾਂ, ਪੰਜਾਬ

ਬਟਾਲਾ ਦੇ ਐੱਸ.ਐੱਸ.ਪੀ. ਨੇ ਕੀਤੀ ਧਮਾਕੇ ਦੀ ਪੁਸ਼ਟੀ, ਜਾਨੀ ਨੁਕਸਾਨ ਤੋਂ ਬਚਾਅ

Batala

ਗੁਰਦਾਸਪੁਰ : ਬਟਾਲਾ ਦੇ ਰਾਏਮਲ ਪਿੰਡ ’ਚ ਇਕ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਸੋਮਵਾਰ ਸ਼ਾਮ ਨੂੰ ਇਕ ਧਮਾਕਾ ਹੋਇਆ। ਇਹ ਪੰਜਾਬ ’ਚ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਧਮਾਕਿਆਂ ਦੀ ਲੜੀ ’ਚ 12ਵਾਂ ਧਮਾਕਾ ਹੈ ਅਤੇ ਨਵੰਬਰ 2024 ਦੇ ਅੱਧ ਤੋਂ ਬਾਅਦ ਕਿਸੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਪਹਿਲਾ ਧਮਾਕਾ ਹੈ। ਇਹ ਧਮਾਕਾ ਤਕਰੀਬਨ ਦੋ ਹਫ਼ਤਿਆਂ ਦੀ ਚੁੱਪ ਤੋਂ ਬਾਅਦ ਹੋਇਆ ਹੈ।

ਬਟਾਲਾ ਦੇ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਪੁਸ਼ਟੀ ਕੀਤੀ ਕਿ ਰਾਏਮਲ ਪਿੰਡ ’ਚ ਰਾਤ ਕਰੀਬ 8:30 ਵਜੇ ਇਕ ਤੇਜ਼ ਆਵਾਜ਼ ਸੁਣੀ ਗਈ, ਜੋ ਘੱਟ ਤੀਬਰਤਾ ਵਾਲੇ ਬੰਬ ਕਾਰਨ ਹੋਈ ਜਾਪਦੀ ਹੈ। ਕਾਸਿਮ ਨੇ ਕਿਹਾ, ‘‘ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਗ੍ਰੇਨੇਡ ਧਮਾਕਾ ਸੀ ਜਾਂ ਵਿਸਫੋਟਕ ਦਾ ਕੋਈ ਹੋਰ ਰੂਪ। ਅਸੀਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਾਂ ਕਿ ਕੀ ਹੋਇਆ ਅਤੇ ਸਹੀ ਸਥਿਤੀ ਨੂੰ ਸਮਝਣ ਲਈ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।’’ ਉਸ ਨੇ  ਇਹ ਵੀ ਪੁਸ਼ਟੀ ਕੀਤੀ ਕਿ ਧਮਾਕਾ ਇਕ  ਪੁਲਿਸ ਮੁਲਾਜ਼ਮ ਦੇ ਘਰ ਦੇ ਨੇੜੇ ਹੋਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ  ਹੈ। ਫੋਰੈਂਸਿਕ ਟੀਮਾਂ ਨੂੰ ਵੀ ਮੌਕੇ ’ਤੇ  ਬੁਲਾਇਆ ਗਿਆ ਹੈ। 

ਇਸ ਤੋਂ ਪਹਿਲਾਂ 3 ਫ਼ਰਵਰੀ ਦੀ ਰਾਤ ਨੂੰ ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ ਪੁਲਿਸ  ਚੌਕੀ ਦੀ ਚਾਰਦੀਵਾਰੀ ਦੇ ਬਾਹਰ ਧਮਾਕਾ ਹੋਇਆ ਸੀ। ਖੁਸ਼ਕਿਸਮਤੀ ਨਾਲ ਸੜਕ ’ਤੇ  ਇਕ ਛੋਟੇ ਜਿਹੇ ਖੱਡੇ ਤੋਂ ਇਲਾਵਾ ਕਿਸੇ ਦੇ ਜ਼ਖਮੀ ਹੋਣ, ਜਾਨਾਂ ਦੇ ਨੁਕਸਾਨ ਜਾਂ ਪੁਲਿਸ  ਚੌਕੀ ਨੂੰ ਨੁਕਸਾਨ ਪਹੁੰਚਣ ਦੀ ਕੋਈ ਖਬਰ ਨਹੀਂ ਹੈ।