Punjab News: ਅਮਰੀਕਾ ਤੋਂ ਕੱਢਿਆਂ ਗਿਆ ਫ਼ਰੀਦਕੋਟ ਦਾ ਨੌਜਵਾਨ, 25 ਲੱਖ ਰੁ. ਖਰਚ ਕੇ 15 ਦਿਨ ਪਹਿਲਾਂ ਗਿਆ ਸੀ ਵਿਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਪੰਚਾਇਤ ਮੈਂਬਰਾਂ ਨੇ ਰਾਜ ਤੇ ਕੇਂਦਰ ਸਰਕਾਰ ਤੋਂ ਅਜਿਹੇ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

Faridkot youth deported from US, had gone abroad 15 days ago after spending Rs 25 lakh

 


Punjab News: ਪੰਜਾਬ ਦੇ ਫ਼ਰੀਦਕੋਟ ਵਿੱਚ ਘੋੜਿਆਂ ਦਾ ਕਾਰੋਬਾਰ ਬੰਦ ਕਰ ਕੇ 15 ਦਿਨ ਪਹਿਲਾਂ ਅਮਰੀਕਾ ਗਏ ਇੱਕ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਉਹ ਘਰ ਪਹੁੰਚ ਗਿਆ ਹੈ। ਐਤਵਾਰ (16 ਫ਼ਰਵਰੀ) ਨੂੰ, ਗੁਰਪ੍ਰੀਤ ਸਿੰਘ ਭੰਗੂ ਪਿੰਡ ਬੱਗੇਆਣਾ ਪਹੁੰਚਿਆ ਅਤੇ ਆਪਣੀ ਹੱਡਬੀਤੀ ਸੁਣਾਈ।

ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ। ਉਹ ਇਟਲੀ ਤੋਂ ਕੰਧ ਟੱਪ ਕੇ ਅਮਰੀਕਾ ਵਿੱਚ ਦਾਖ਼ਲ ਹੋਇਆ। ਜਿਵੇਂ ਹੀ ਉਹ ਉੱਥੇ ਪਹੁੰਚਿਆ, ਉਸ ਨੂੰ ਅਮਰੀਕੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਗੁਰਪ੍ਰੀਤ ਵੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹੋਰ ਭਾਰਤੀਆਂ ਦੇ ਨਾਲ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ। ਇਸ ਤੋਂ ਬਾਅਦ, ਉਸ ਨੂੰ ਫ਼ਰੀਦਕੋਟ ਦੇ ਡੀਐਸਪੀ ਹੈੱਡਕੁਆਰਟਰ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਘਰ ਲੈ ਗਈ।

ਗੁਰਪ੍ਰੀਤ ਸਿੰਘ ਹੋਣਹਾਰ ਹੋਣ ਦੇ ਨਾਲ ਮਿਹਨਤੀ ਹੈ। ਆਪਣੇ ਕਾਰੋਬਾਰ ਦੇ ਲਈ ਉਸ ਨੇ ਪਿੰਡ ਵਿਚ ਹੀ ਡੇਅਰੀ ਫਾਰਮ ਖੋਲਿਆ, ਪਰ ਲੰਪੀ ਵਾਇਰਸ ਤੋਂ ਬਾਅਦ ਕਈ ਪਸ਼ੂ ਮਰ ਗਏ। ਇਸ ਤੋਂ ਬਾਅਦ ਉਸ ਨੇ ਘੋੜੇ ਪਾਲਣ ਅਤੇ ਉਨ੍ਹਾਂ ਨੂੰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸ ਕਾਰੋਬਾਰ ਵਿੱਚ ਵੀ ਘਾਟਾ ਹੋਇਆ। ਇਸ ਤੋਂ ਬਾਅਦ ਉਸ ਨੇ ਜਿਵੇਂ-ਤਿਵੇਂ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਵਿਦੇਸ਼ ਦਾ ਰੁਖ਼ ਕਰ ਲਿਆ ਅਤੇ ਇਟਲੀ ਪਹੁੰਚ ਗਿਆ। 

ਸਾਬਕਾ ਸਰਪੰਚ ਮੰਗਲ ਕੁਮਾਰ ਨੇ ਦੱਸਿਆ ਕਿ ਇਟਲੀ ਵਿੱਚ ਗੁਰਪ੍ਰੀਤ ਦਾ ਸੰਪਰਕ ਅਜਿਹੇ ਲੋਕਾਂ ਨਾਲ ਹੋਇਆ ਜਿਨ੍ਹਾਂ ਨੇ ਉਸ ਨੂੰ ਅਮਰੀਕਾ ਵਿਚ ਸੈਟਲ ਕਰਵਾ ਦੇਣ ਦਾ ਝਾਂਸਾ ਦਿੱਤਾ। ਬਾਅਦ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਇਟਲੀ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਪਹੁੰਚਾ ਦਿੱਤਾ ਅਤੇ ਇਸ ਦੇ ਲਈ 25 ਲੱਖ ਰੁਪਏ ਲੈ ਲਏ। ਪੰਚਾਇਤ ਮੈਂਬਰਾਂ ਨੇ ਰਾਜ ਤੇ ਕੇਂਦਰ ਸਰਕਾਰ ਤੋਂ ਅਜਿਹੇ ਧੋਖੇਬਾਜ਼ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਪੁੱਤ ਦੇ ਡਿਪੋਰਟ ਹੋਣ ਨਾਲ ਉਸ ਦਾ ਪਰਿਵਾਰ ਸਦਮੇ ਵਿਚ ਹੈ। ਪਰਿਵਾਰਕ ਮੈਂਬਰ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੇ। ਪਿੰਡ ਦੇ ਲੋਕ ਘਰ ਪਹੁੰਚ ਕੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਹਨ। 

ਡੀਐੱਸਪੀ ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਰਾਜ ਸਰਕਾਰ ਦੀ ਹਦਾਇਤ ਮੁਤਾਬਕ ਉਹ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਉਸ ਦੇ ਘਰ ਤਕ ਲੈ ਕੇ ਆਏ ਹਨ। ਪਰਿਵਾਰ ਟਰੈਵਲ ਏਜੰਟ ਦੇ ਖ਼ਿਲਾਫ਼ ਸ਼ਿਕਾਇਤ ਦੇਵੇ। ਅਸੀਂ ਆਰੋਪੀ ਦੇ ਖ਼ਿਲਾਫ਼ ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ।