ਕੇਜਰੀਵਾਲ ਦੇ ਮਾਫ਼ੀਨਾਮੇ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਜਰੀਵਾਲ ਦੇ ਮਾਫ਼ੀਨਾਮੇ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ

bhagwant singh mann

ਭਗਵੰਤ ਮਾਨ ਅਤੇ ਅਮਨ ਅਰੋੜਾ ਵਲੋਂ ਪਾਰਟੀ ਅਹੁਦੇ ਤੋਂ ਅਸਤੀਫ਼ਾ
ਸੰਗਰੂਰ, 16 ਮਾਰਚ (ਪਰਮਜੀਤ ਸਿੰਘ ਲੱਡਾ) : ਅਰਵਿੰਦ ਕੇਜਰੀਵਾਲ ਵਲੋਂ ਡਰੱਗ ਮਾਫ਼ੀਆ ਦੇ ਮਾਮਲੇ ਵਿਚ ਬਿਕਰਮਜੀਤ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਿਆਸਤ ਵਿਚ ਇਕ ਤਰ੍ਹਾਂ ਨਾਲ ਭੂਚਾਲ ਜਿਹਾ ਆ ਗਿਆ ਹੈ ਜਿਸ ਤਹਿਤ ਪੰਜਾਬ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਲੋਂ ਅਸਤੀਫ਼ਿਆਂ ਅਤੇ ਗਠਜੋੜ ਭੰਗ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ।ਜਿਉਂ ਹੀ ਅਰਵਿੰਦ ਕੇਜਰੀਵਾਲ ਵਲੋਂ ਅਦਾਲਤੀ ਤੌਰ 'ਤੇ ਬਿਕਰਮਜੀਤ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਦੀ ਖ਼ਬਰ ਸਾਹਮਣੇ ਆਈ ਸੱਭ ਤੋਂ ਪਹਿਲਾਂ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਨੇ ਅਪਣੇ ਪ੍ਰਧਾਨਗੀ ਤੋਂ ਅਸਤੀਫ਼ੇ ਦਾ ਐਲਾਨ ਕਰਦਿਆਂ ਸਾਫ਼ ਤੌਰ 'ਤੇ ਕਿਹਾ ਕਿ ਉਹ ਹਮੇਸ਼ਾ ਡਰੱਗ ਮਾਫ਼ੀਆ ਅਤੇ ਇਸ ਦੇ ਸਿਆਸੀ ਆਕਾਵਾਂ ਵਿਰੁਧ ਲੜਾਈ ਲੜਨਗੇ ਅਤੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੋਣਗੇ। 

ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਦੇ ਉੱਪ ਪ੍ਰਧਾਨ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਵੀ ਅਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੀ ਸਹਿ-ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਨਸ਼ਿਆਂ ਵਿਰੁਧ ਇਕ ਆਮ ਆਦਮੀ ਵਜੋਂ ਸੰਘਰਸ਼ ਜਾਰੀ ਰਖਣਗੇ।ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵਲੋਂ ਆਮ ਆਦਮੀ ਪਾਰਟੀ ਨਾਲ ਗਠਜੋੜ ਭੰਗ ਕਰਨ ਦਾ ਐਲਾਨ ਕਰ ਦਿਤਾ। ਬੈਂਸ ਭਰਾਵਾਂ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਵਿਅਕਤੀ ਜਾਂ ਪਾਰਟੀ ਨਾਲ ਸਬੰਧ ਨਹੀਂ ਰੱਖਣਗੇ ਜੋ ਪੰਜਾਬ ਅਤੇ ਪੰਜਾਬੀਅਤ ਦੇ ਹਿਤਾਂ ਨਾਲ ਖਿਲਵਾੜ ਕਰੇ।