ਕੇਜਰੀਵਾਲ ਤੇ ਮਜੀਠੀਏ 'ਚ ਵੱਡੀ ਡੀਲ ਹੋਈ ਲਗਦੀ ਹੈ : ਧਰਮਸੋਤ
ਕੇਜਰੀਵਾਲ ਤੇ ਮਜੀਠੀਏ 'ਚ ਵੱਡੀ ਡੀਲ ਹੋਈ ਲਗਦੀ ਹੈ : ਧਰਮਸੋਤ
ਚੰਡੀਗੜ੍ਹ, 16 ਮਾਰਚ (ਏ ਐੱਸ ਖੰਨਾ) : ਪੰਜਾਬ ਦੇ ਜੰਗਲਾਤ, ਸਟੇਸ਼ਨਰੀ ਤੇ ਪ੍ਰੀਟਿੰਗ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਸਬੰਧੀ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਖਿਆ ਕਿ ਇੰਨ੍ਹਾਂ ਦੋਨਾਂ ਆਗੂਆਂ 'ਚ ਵੱਡੀ ਡੀਲ ਹੋਈ ਲਗਦੀ ਹੈ। ਕਿਉਂਕਿ ਨਾ ਤਾਂ ਇਸ ਸਬੰਧੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਨਾ ਹੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਜਾਣਕਾਰੀ ਸੀ।
ਜਿਸ ਨਾਲ ਪੰਜਾਬੀਆਂ ਦਾ ਵਿਸ਼ਵਾਸ਼ ਤਹਿਸ ਨਹਿਸ ਹੋ ਗਿਆ। ਉਨ੍ਹਾਂ ਆਖਿਆ ਕਿ ਜਿਹੜੇ ਲੋਕ ਭਾਵੁਕ ਹੋ ਕੇ ਇਸ ਪਾਰਟੀ ਨਾਲ ਜੁੜੇ ਸਨ, ਕੇਜਰੀਵਾਲ ਨੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਸ਼ਰੇਆਮ ਵੇਚਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਆਪਣੇ ਨਿਜੀ ਹਿੱਤਾਂ ਖ਼ਾਤਰ ਪੰਜਾਬ ਦੀਆਂ ਸਦਰਾਂ ਤੇ ਲੋਕਾਂ ਦੇ ਵਿਸ਼ਵਾਸ਼ ਨੂੰ ਵੇਚ ਕੇ ਚਲਦਾ ਬਣਿਆ ਹੈ। ਸ. ਧਰਮਸੋਤ ਨੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੋਂ ਅਸਤੀਫ਼ਾ ਦਿੱਤੇ ਜਾਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਪ ਦੇ ਬਾਕੀ ਵਿਧਾਇਕਾਂ ਨੂੰ ਵੀ ਆਪਣੀ ਅਣਖ਼ ਨੂੰ ਬਚਾਉਣ ਲਈ ਤੁਰੰਤ ਕੇਜਰੀਵਾਲ ਦਾ ਸਾਥ ਛੱਡ ਕੇ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ ਜਾਂ ਫ਼ਿਰ ਕਿਸੇ ਪਸੰਦੀਦਾ ਪਾਰਟੀ ਨਾਲ ਜੁੜ ਜਾਣਾ ਚਾਹੀਦਾ ਹੈ।