ਸ਼੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਹੀ ਲੜਨਗੇ ਚੋਣ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਡੂਰ ਸਾਹਿਬ ਦੀ ਸੀਟ ਅਕਾਲੀ ਦਲ ਟਕਸਾਲੀ ਲਈ ਛੱਡੀ ਜਾ ਸਕਦੀ ਪਰ ਸ਼੍ਰੀ ਆਨੰਦਪੁਰ ਸਾਹਿਬ ਦੀ ਨਹੀਂ : ਭਗਵੰਤ ਮਾਨ

Narinder Singh Shergill will contest election from Sri Anandpur Sahib

ਕੁਰਾਲੀ : ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੁਰਾਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘ਆਪ’ ਅਪਣੇ ਦਮ ਉਤੇ ਬਿਨਾਂ ਕਿਸੇ ਗਠਜੋੜ ਦੇ ਲੋਕ ਸਭਾ ਚੋਣ ਲੜੇਗੀ ਅਤੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਹੀ ਚੋਣ ਮੈਦਾਨ ਵਿਚ ਉਤਰਨਗੇ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ ਵਿਚ ਭਗਵੰਤ ਮਾਨ ਨੇ ਕਿਹਾ ਕਿ

ਬੀਤੇ ਕੁਝ ਸਮੇਂ ਤੋਂ ਅਕਾਲੀ ਦਲ ਟਕਸਾਲੀ ਦੇ ਨਾਲ ਲੋਕ ਸਭਾ ਚੋਣਾਂ ਦੇ ਲਈ ਗਠਜੋੜ ਦੀ ਗੱਲਬਾਤ ਚੱਲ ਰਹੀ ਸੀ ਪਰ ਸ਼੍ਰੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਹੁਣ ਗੱਲਬਾਤ ਲਗਭੱਗ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨੌਜਵਾਨ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਹੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨਗੇ। ‘ਆਪ’ ਕਿਸੇ ਵੀ ਕੀਮਤ ’ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਸੀਟ ਨਹੀਂ ਛੱਡੇਗੀ।

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਖਡੂਰ ਸਾਹਿਬ ਦੀ ਸੀਟ ਅਕਾਲੀ ਦਲ ਟਕਸਾਲੀ ਲਈ ਛੱਡੀ ਜਾ ਸਕਦੀ ਹੈ ਪਰ ਸ਼੍ਰੀ ਆਨੰਦਪੁਰ ਸਾਹਿਬ ਦੀ ਸੀਟ ਨਹੀਂ। ਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਏਕਤਾ ਪਾਰਟੀ ਦਾ ਅਕਾਲੀ ਦਲ ਨਾਲ ਸਮਝੌਤਾ ਹੈ, ਜਿਸ ਕਾਰਨ ਹਰਸਿਮਰਤ ਕੌਰ ਨੂੰ ਜਿਤਾਉਣ ਲਈ ਸੁਖਪਾਲ ਸਿੰਘ ਖਹਿਰਾ ਬਠਿੰਡਾ ਸੀਟ ’ਤੇ ਚੋਣ ਲੜਨ ਜਾ ਰਿਹਾ ਹੈ।