ਅਕਾਲੀਆਂ ਦੇ ਵਿਸ਼ਵਾਸਘਾਤ ਵਾਲੇ ਪ੍ਰੋਗਰਾਮ 'ਤੇ ਛਾਇਆ ਰਿਹਾ ਬੇਅਦਬੀ ਕਾਂਡ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਬਾਦਲ ਵਲੋਂ ਕੈਪਟਨ ਸਰਕਾਰ ਵਿਰੁਧ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਜਿਥੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਲਾਈ ਧਾਰਾ 144 ਦੀ ਉਲੰਘਣਾ

Shiromani Akali Dal Dharna

ਕੋਟਕਪੂਰਾ : ਅਕਾਲੀ ਦਲ ਬਾਦਲ ਵਲੋਂ ਕੈਪਟਨ ਸਰਕਾਰ ਵਿਰੁਧ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਜਿਥੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਲਾਈ ਧਾਰਾ 144 ਦੀ ਉਲੰਘਣਾ ਕਰਨ ਦਾ ਸਬੱਬ ਬਣੇ, ਉੱਥੇ ਬਹੁਤਾ ਇਕੱਠ ਕਰਨ ਤੋਂ ਵੀ ਅਸਮਰਥ ਰਹੇ। ਅਕਾਲੀ ਦਲ ਦੀ ਘਟਦੀ ਜਾ ਰਹੀ ਲੋਕਪ੍ਰਿਯਤਾ ਜਾਂ ਬੇਅਦਬੀ ਕਾਂਡ ਦਾ ਪ੍ਰਭਾਵ ਅਜਿਹਾ ਦੇਖਣ ਨੂੰ ਮਿਲਿਆ ਕਿ ਤਿੰਨਾਂ ਥਾਵਾਂ 'ਤੇ ਅਕਾਲੀ ਵਰਕਰਾਂ ਦੀ ਗਿਣਤੀ ਸਾਰੇ ਹਲਕਿਆਂ 'ਚੋਂ 200-200 ਤੱਕ ਸਿਮਟ ਕੇ ਰਹਿ ਗਈ। ਫ਼ਰੀਦਕੋਟ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਸੰਕੇਤਕ ਰੋਸ ਮਾਰਚ ਕਢਿਆ ਗਿਆ,

ਜਦਕਿ ਜੈਤੋ ਵਿਖੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਰਿਹਾਇਸ਼ 'ਤੇ ਹੀ ਕੈਪਟਨ ਸਰਕਾਰ ਨੂੰ ਕੋਸ ਕੇ ਖ਼ਾਨਾਪੂਰਤੀ ਕੀਤੀ ਗਈ। ਕੋਟਕਪੂਰੇ ਦੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਦੀ ਐਸਆਈਟੀ ਨਾਲ ਚੱਲ ਰਹੀ ਲੁਕਣਮੀਟੀ ਕਰ ਕੇ ਇਥੋਂ ਕਮਾਨ ਉਸ ਦੇ ਛੋਟੇ ਭਰਾ ਕੁਲਤਾਰ ਸਿੰਘ ਬਰਾੜ ਨੇ ਸੰਭਾਲੀ ਤੇ ਉਹ ਵੀ ਸੰਕੇਤਕ ਰੋਸ ਮਾਰਚ ਕੱਢਣ ਤੋਂ ਬਾਅਦ ਮਿਊਂਸਪਲ ਪਾਰਕ ਕੋਟਕਪੂਰਾ ਵਿਖੇ ਅਪਣੀ ਭੜਾਸ ਕੱਢਣ ਉਪਰੰਤ ਸਾਰਿਆਂ ਦਾ ਧਨਵਾਦ ਕਰਨ 'ਚ ਰੁੱਝ ਗਿਆ। ਤਿੰਨਾਂ ਥਾਵਾਂ 'ਤੇ ਮਹਿਜ਼ ਗਿਣਵੇਂ ਚੁਣਵੇਂ ਚਹੇਤੇ ਪੱਤਰਕਾਰਾਂ ਨੂੰ ਹੀ ਸੱਦਾ ਦਿਤਾ ਗਿਆ ਸੀ,

ਜੋ ਉਨ੍ਹਾਂ ਨੂੰ ਕੋਈ ਸਖ਼ਤ ਸੁਆਲ ਨਾ ਕਰ ਸਕਣ ਅਤੇ ਤਿੰਨਾਂ ਵਿਧਾਨ ਸਭਾ ਹਲਕਿਆਂ 'ਚ ਇਕੱਠ ਕਰਨ ਦਾ ਜ਼ੋਰ ਲਾਉਣ ਦੇ ਬਾਵਜੂਦ ਵੀ ਸੀਮਤ ਵਰਕਰਾਂ ਦਾ ਇਕੱਠ ਪਾਰਟੀ ਲਈ ਨਮੋਸ਼ੀ ਦਾ ਕਾਰਨ ਬਣ ਗਿਆ। ਭਾਵੇਂ ਤਿੰਨਾਂ ਥਾਵਾਂ 'ਤੇ ਕੈਪਟਨ ਸਰਕਾਰ ਦੇ ਨਾਲ-ਨਾਲ ਐਸਆਈਟੀ ਨੂੰ ਵੀ ਨਿਸ਼ਾਨੇ 'ਤੇ ਰਖਿਆ ਗਿਆ ਅਤੇ ਵਿਸ਼ਵਾਸਘਾਤ ਦਿਵਸ ਮਨਾਉਂਦਿਆਂ ਬੁਲਾਰਿਆਂ ਨੇ ਭੜਾਸ ਕੱਢਣ ਵਾਲੀ ਵੀ ਖ਼ਾਨਾਪੂਰਤੀ ਕੀਤੀ ਪਰ ਬੇਅਦਬੀ ਕਾਂਡ 'ਚ ਸੌਦਾ ਸਾਧ ਦੇ ਪ੍ਰੇਮੀਆਂ ਦੇ ਹੱਥ ਬਾਰੇ ਇਕ ਸ਼ਬਦ ਵੀ ਮੂੰਹ 'ਚੋਂ ਕੱਢਣ ਦੀ ਜ਼ਰੂਰਤ ਨਾ ਸਮਝੀ।

ਸਿਆਸੀ ਵਿਸ਼ਲੇਸ਼ਕ ਅਤੇ ਨਿਰਪੱਖ ਰਾਇ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੇ ਅਕਾਲੀਆਂ ਨੂੰ ਸਵਾਲ ਕੀਤੇ ਕਿ ਜਦੋਂ ਸੌਦਾ ਸਾਧ ਦੇ ਪ੍ਰੇਮੀਆਂ ਨੇ ਅਦਾਲਤਾਂ 'ਚ ਇਕਬਾਲੀਆ ਬਿਆਨ ਦਰਜ ਕਰਾਉਂਦਿਆਂ ਮੰਨ ਲਿਆ ਹੈ ਕਿ ਬੇਅਦਬੀ ਕਾਂਡ ਇਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਤਾਂ ਅਪਣੇ ਅਜਿਹੇ ਪ੍ਰੋਗਰਾਮਾਂ 'ਚ ਅਕਾਲੀ ਸੌਦਾ ਸਾਧ ਦੇ ਪ੍ਰੇਮੀਆਂ ਦੀ ਕਰਤੂਤ ਬਾਰੇ ਮੂੰਹ ਕਿਉਂ ਨਹੀਂ ਖੋਲ੍ਹਦੇ? ਕੀ ਅਕਾਲੀਆਂ ਨੂੰ ਅਜੇ ਵੀ ਸੌਦਾ ਸਾਧ ਦੇ ਪ੍ਰੇਮੀਆਂ ਦੀਆਂ ਵੋਟਾਂ ਦੀ ਆਸ ਹੈ?

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਚਾਈ ਸਾਹਮਣੇ ਆ ਜਾਣ ਤੋਂ ਬਾਅਦ ਕੀ ਅਕਾਲੀਆਂ ਦਾ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਉੱਪਰ ਪਾਇਆ ਗਲਬਾ ਜਾਇਜ਼ ਹੈ? ਧਾਰਾ 144 ਦੀ ਉਲੰਘਣਾ ਬਾਰੇ ਡਾ. ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨਾਲ ਕੋਸ਼ਿਸ਼ ਕਰਨ ਦੇ ਬਾਵਜੂਦ ਸੰਪਰਕ ਨਾ ਹੋ ਸਕਿਆ, ਜਦਕਿ ਬਲਵਿੰਦਰ ਸਿੰਘ ਐਸਡੀਐਮ ਕੋਟਕਪੂਰਾ ਨੇ ਰੁੱਝਿਆ ਹੋਇਆ ਆਖ ਕੇ ਫ਼ੋਨ ਕੱਟ ਦਿਤਾ।