ਚੰਡੀਗੜ੍ਹ (ਜੀ. ਸੀ. ਭਾਰਦਵਾਜ): ਮਾਰਚ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਵਲੋਂ ਅਹੁਦਾ ਸੰਭਾਲਣ ਮਗਰੋਂ ਰਾਜਨੀਤਕ, ਆਰਥਕ, ਸਿਖਿਆ, ਸਿਹਤ ਤੇ ਹੋਰ ਖੇਤਰਾਂ ਵਿਚ ਬੇਤਹਾਸ਼ਾ ਪ੍ਰਾਪਤੀਆਂ ਦੇ ਨਾਲ-ਨਾਲ ਖੇਤੀ ਤੇ ਕਿਸਾਨੀ ਅਦਾਰਿਆਂ ਵਿਚ ਵੀ ਇਸ ਸਰਕਾਰ ਨੇ ਵੱਡੀ ਤਰੱਕੀ ਕਰਨ ਦਾ ‘‘ਸੱਚਾ ਦਾਅਵਾ’’ ਕੀਤਾ ਹੈ ਜਿਸ ਦੇ ਅੱਜ ਚਾਰ ਸਾਲ ਪੂਰੇ ਹੋ ਚੁੱਕੇ ਹਨ।
ਨੌਂ-ਦਸ ਮਹੀਨਿਆਂ ਬਾਅਦ ਵਿਧਾਨ ਸਭਾ ਲਈ ਨਵੀਂਆਂ ਚੋਣਾਂ ਦਾ ਬਿਗਲ ਵੱਜ ਜਾਵੇਗਾ ਅਤੇ 2022 ਦੀਆਂ ਚੋਣਾਂ ਜਿੱਤਣ ਲਈ ਵੀ ਕਾਂਗਰਸ ਸਰਕਾਰ ਦੇ ਸਾਰੇ ਵਿਭਾਗਾਂ ਨੇ ਹੁਣ ਤੋਂ ਮੁਹਿੰਮ ਸ਼ੁਰੂ ਕਰ ਦਿਤੀ ਹੈ। ਕਾਂਗਰਸ ਹਾਈ ਕਮਾਂਡ ਦੇ ਅੰਦਰੂਨੀ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਹੈ ਕਿ ਮੌਜੂਦਾ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਹਟਾ ਕੇ ਤਜਰਬੇਕਾਰ ਸਿਆਸੀ ਨੇਤਾ ਅਤੇ 6 ਵਾਰ ਵਿਧਾਇਕ ਤੇ ਤਿੰਨ ਵਾਰ ਮੰਤਰੀ ਰਹੇ ਸ. ਲਾਲ ਸਿੰਘ ਨੂੰ ਪਾਰਟੀ ਦੀ ਕਮਾਨ ਸੌਂਪੀ ਜਾਣਾ ਤੈਅ ਹੋ ਗਿਆ ਹੈ। ਚੌਧਰੀ ਜਾਖੜ ਨੂੰ ਹਾਲ ਦੀ ਘੜੀ ਦਿੱਲੀ ਵਿਚ ਪਾਰਟੀ ਜਨਰਲ ਸਕੱਤਰ ਅਤੇ ਸਾਲ ਬਾਅਦ ਅਪ੍ਰੈਲ 2022 ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਦੇ ਤੌਰ ਉਤੇ ਕਾਮਯਾਬ ਕਰਨ ਦੀ ਸਕੀਮ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਰਾਜ ਸਭਾ ਮੈਂਬਰ, 6 ਸਾਲ ਦੀ ਮਿਆਦ ਪੂਰੀ ਕਰ ਕੇ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ, ਅਪ੍ਰੈਲ 22 ਵਿਚ ਸੇਵਾ ਮੁਕਤ ਹੋ ਰਹੇ ਹਨ। ਇਥੇ ਖੇਤਰੀ ਕਾਂਗਰਸੀ ਹਲਕਿਆਂ ਤੇ ਸੀਨੀਅਰ ਨੇਤਾਵਾਂ ਨੇ ਇਸ ਰੱਦੋ-ਬਦਲ ਦੀ ਪ੍ਰੋੜ੍ਹਤਾ ਕਰਦਿਆਂ ਇਹ ਵੀ ਕਿਹਾ ਹੈ ਕਿ ਕਾਂਗਰਸ ਪਾਰਟੀ ਵਿਚ ਇਹ ਵੱਡਾ ਹਲੂਣਾ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੀ ਹਾਈ ਕਮਾਂਡ ਨੇ ਸਿਰੇ ਚਾੜ੍ਹਨਾ ਹੈ।
ਦੂਜੇ ਵੱਡੇ ਝਟਕੇ ਨਾਲ ਰੁੱਸੇ ਤੇ ਗੁੱਸੇ ਹੋਏ ਨਵਜੋਤ ਸਿੱਧੂ ਨੂੰ ਲਗਭਗ ਦੋ ਸਾਲ ਦੀ ਚੁੱਪੀ ਮਗਰੋਂ ਹੁਣ ਮੁੜ ਵਜ਼ਾਰਤ ਵਿਚ ਸ਼ਾਮਲ ਕਰ ਕੇ ਬੰਗਾਲ ਚੋਣਾਂ ਵਿਚ ਕਾਂਗਰਸ ਦੇ ਪੱਖ ਵਿਚ ਪ੍ਰਚਾਰ ਕਰਨ ਭੇਜਣਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਦੀ ਇਕ ਪਾਸੜ ਤੇ ਧਾਕੜ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਵਿਚ ਗੁੱਟਬਾਜ਼ੀ ਉੱਭਰ ਕੇ ਸਾਹਮਣੇ ਆਈ ਹੋਈ ਸੀ ਅਤੇ ਚੋਣਾਂ ਤੋਂ ਪਹਿਲਾਂ ਅਗੱਸਤ-ਸਤੰਬਰ ਤਕ ਕਈ ਕਾਂਗਰਸੀ ਮੈਂਬਰਾਂ ਵਲੋਂ ਨਵੀਂ ਪਾਰਟੀ ਗਠਿਤ ਕਰਨ ਜਾਂ ਨਵਜੋਤ ਸਿੱਧੂ ਦੀ ਕਮਾਨ ਹੇਠ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦੇ ਚਰਚੇ ਚੱਲ ਪਏ ਸਨ।
ਇਸ ਸੰਭਾਵੀ ਗੁੱਟਬਾਜ਼ੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿਚ ਪਿਛਲੇ ਸਤੰਬਰ ਵਿਚ ਆਏ ਕਾਂਗਰਸ ਪਾਰਟੀ ਮਾਮਲਿਆਂ ਦੇ ਇੰਨਚਾਰਜ, ਹਰੀਸ਼ ਰਾਵਤ ਨੇ ਕਾਫ਼ੀ ਦੌੜ ਭੱਜ ਕੀਤੀ ਹੈ। ਉਨ੍ਹਾਂ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਿੱਧੂ ਨੂੰ ਮਨਾਉਣ ਲਈ ਕੈਪਟਨ ਨਾਲ ਕਈ ਵਾਰੀ ਮੁਲਾਕਾਤ ਕੀਤੀ ਗਈ ਅਤੇ ਸਿੱਧੂ ਅਜੇ ਵੀ ਡਿਪਟੀ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਦੇ ਅਹੁਦੇ ਵਾਸਤੇ ਅੜੇ ਹੋੋਏ ਸਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਸ. ਲਾਲ ਸਿੰਘ, ਪਛੜੇ ਵਰਗ ਕੰਬੋਜ ਜਾਤੀ ਨਾਲ ਸਬੰਧ ਰਖਦੇ ਹਨ, ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਪਿਛੜੀ ਜਾਤੀ ਵੋਟਾਂ ਕਾਂਗਰਸ ਦੀ ਝੋਲੀ ਵਿਚ ਪੈਣੀਆਂ ਨਿਸ਼ਚਿਤ ਹਨ।
ਸਰਕਾਰੀ ਸੂਤਰਾਂ ਮੁਤਾਬਕ ਭਲਕੇ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਰਿਹਾਇਸ਼ ਉਤੇ ਦੁਪਹਿਰ ਦੇ ਖਾਣੇ ਉੇਤ ਬੁਲਾਵੇ ਉਪਰੰਤ ਰਾਜਪਾਲ ਨੂੰ ਸਹੁੰ ਚੁਕਾਉਣ ਲਈ ਤਰੀਕ ਤੇ ਟਾਈਮ ਵਾਸਤੇ ਲਿਖਿਆ ਜਾ ਰਿਹਾ ਹੈ। ਸਿੱਧੂ ਨੂੰ ਬਤੌਰ ਮੰਤਰੀ, ਵਜ਼ਾਰਤ ਵਿਚ ਲੈ ਕੇ ਮਹਿਕਮੇ ਦੇ ਕੇ ਨਿਵਾਜਣ ਉਪਰੰਤ ਬੰਗਾਲ ਚੋਣਾਂ ਦੇ ਦੂਜੇ-ਤੀਜੇ ਪੜਾਅ ਵਾਸਤੇ ਪ੍ਰਚਾਰ ਲਈ ਭੇਜਿਆ ਜਾਣਾ ਹੈ। ਨਵਜੋਤ ਸਿੱਧੂ ਦੇ ਸਹੁੰ ਚੁੱਕ ਸਮਾਗਮ ਨਾਲ ਬਾਕੀ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਚੋਖੀ ਅਦਲਾ-ਬਦਲੀ ਸੰਭਵ ਹੈ।