ਮਾਤਾ ਮਹਿੰਦਰ ਕੌਰ ਵਿਰੁਧ ਗ਼ਲਤ ਸ਼ਬਦਾਵਲੀ ਬੋਲਣ ’ਤੇ ਕੰਗਨਾ ਵਿਰੁਧ ਅੰਮਿ੍ਰਤਸਰ ਵਿਚ ਹੋਈ ਸੁਣਵਾਈ

ਏਜੰਸੀ

ਖ਼ਬਰਾਂ, ਪੰਜਾਬ

ਮਾਤਾ ਮਹਿੰਦਰ ਕੌਰ ਵਿਰੁਧ ਗ਼ਲਤ ਸ਼ਬਦਾਵਲੀ ਬੋਲਣ ’ਤੇ ਕੰਗਨਾ ਵਿਰੁਧ ਅੰਮਿ੍ਰਤਸਰ ਵਿਚ ਹੋਈ ਸੁਣਵਾਈ

image

ਅਗਲੀ ਪੇਸ਼ੀ ਲਈ 19 ਮਈ ਦੀ ਤਰੀਕ ਪਈ

ਅੰਮਿ੍ਰਤਸਰ, 16 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮਿ੍ਰਤਸਰ ਵਿਖੇ ਆਮ ਆਦਮੀ ਪਾਰਟੀ ਦੀ ਆਗੂ ਜੀਵਨਜੋਤ ਕੌਰ ਵਲੋਂ ਅੰਮਿ੍ਰਤਸਰ ਦੀ ਅਦਾਲਤ ਵਿਚ ਬਾਲੀਵੁਡ ਅਭਿਨੇਤਰੀ ਕੰਗਨਾ ਰਣੌਤ ਵਿਰੁਧ ਕੀਤੀ ਗਈ ਸ਼ਿਕਾਇਤ ਉਤੇ ਸੁਣਵਾਈ ਹੋਈ।  ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੀ ਬਠਿੰਡਾ ਜ਼ਿਲ੍ਹੇ ਦੀ ਮਾਤਾ ਮਹਿੰਦਰ ਕੌਰ ਵਿਰੁਧ ਅਪਮਾਨਜਨਕ ਟਿਪਣੀਆਂ ਕੀਤੀਆਂ ਸਨ।  ਬਜ਼ੁਰਗ ਮਾਤਾ ਮਹਿੰਦਰ ਕੌਰ ਵਿਰੁਧ ਕੀਤੀਆਂ ਗਈਆਂ ਟਿਪਣੀਆਂ ਨਾਲ ਕਿਸਾਨਾਂ ਨੂੰ ਵੱਡੀ ਠੇਸ ਪਹੁੰਚੀ ਸੀ। ਅੰਮਿ੍ਰਤਸਰ ਦੇ ਆਮ ਆਦਮੀ ਪਾਰਟੀ ਦੀ ਆਗੂ ਜੀਵਨਜੋਤ ਕੌਰ ਨੇ ਕੰਗਨਾ ਰਨੌਤ ਵਿਰੁਧ ਕੇਸ ਦਾਇਰ ਕੀਤਾ ਹੈ। 
ਜੀਵਨਜੋਤ ਕੌਰ ਨੇ ਅਪਣੇ ਵਕੀਲ ਪਰਮਿੰਦਰ ਸੇਠੀ ਰਾਹੀਂ ਅਦਾਲਤ ਵਿਚ ਕੇਸ ਦਾਇਰ ਕਰਦੇ ਹੋਏ ਅਪਣੇ ਬਿਆਨ ਦਰਜ ਕਰਵਾਏ ਹਨ। ਅਦਾਲਤ ਵਲੋਂ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਅਗਲੀ ਪੇਸ਼ੀ 19 ਮਈ 2021 ਨਿਸ਼ਚਿਤ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਵਨਜੋਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਖੜੀ ਹੈ। ਕੇਂਦਰ ਸਰਕਾਰ ਦੀ ਸ਼ਹਿ ’ਤੇ ਕੰਗਨਾ ਰਣੌਤ ਨੇ ਸਾਡੀ ਸਨਮਾਨਜਨਕ ਮਾਤਾ ਮਹਿੰਦਰ ਕੌਰ ਵਿਰੁਧ ਅਪਮਾਨਜਨਕ ਟਿਪਣੀਆਂ ਕੀਤੀਆਂ ਜਿਸ ਨੂੰ ਲੈ ਕੇ ਸਾਡੇ ਮਨ ਨੂੰ ਵੱਡੀ ਠੇਸ ਲੱਗੀ। ਅੱਜ ਲੜੇ ਜਾ ਰਹੇ ਇਤਿਹਾਸਕ ਘੋਲ ਵਿਚ ਮਾਈ ਭਾਗੋ ਦੀਆਂ ਵਾਰਸਾਂ ਪੰਜਾਬ ਦੀਆਂ ਮਾਵਾਂ, ਭੈਣਾਂ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜ ਰਹੀਆਂ ਹਨ। ਕੰਗਨਾ ਰਣੌਤ ਨੂੰ ਮਾਤਾ ਮਹਿੰਦਰ ਕੌਰ ਪ੍ਰਤੀ ਕੀਤੀ ਬਿਆਨਬਾਜ਼ੀ ਲਈ ਮਾਫ਼ੀ ਮੰਗਣ ਲਈ ਮਜਬੂਰ ਕੀਤਾ ਜਾਵੇਗਾ।  ਇਕ ਪਾਸੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਜ਼ੁਰਗ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਵਿਚ ਪਾਏ ਜਾ ਰਹੇ ਯੋਗਦਾਨ ਤੋਂ ਪ੍ਰਭਾਵਤ ਹੋਏ ਹਨ, ਜਿਨ੍ਹਾਂ ਨੇ ਮਹਿਲਾ ਦਿਵਸ ਮੌਕੇ ਮਾਤਾ ਮਹਿੰਦਰ ਕੌਰ ਨੂੰ ਸਨਮਾਨ ਕੀਤਾ ਹੈ। ਦੂਜੇ ਪਾਸੇ ਭਾਜਪਾ ਦੀ ਕੇਂਦਰ ਸਰਕਾਰ ਤੇ ਉਨ੍ਹਾਂ ਦੇ ਹਮਾਇਤੀ ਸਾਡੀਆਂ ਬਜ਼ੁਰਗ ਮਾਵਾਂ ਦਾ ਅਪਮਾਨ ਕਰ ਰਹੇ ਹਨ।