ਦਿੱਲੀ ਕਮੇਟੀ ਵਿਚ ਬਾਦਲਾਂ ਵਿਰੁਧ ਬਗ਼ਾਵਤ ਮਗਰੋਂ, ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਕਾਲੀ ਦਲ 'ਚੋਂ ਬਰਖ਼ਾਸਤ, ਬਣਾਉਣਗੇ ਨਵਾਂ ਫ਼ਰੰਟ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਕਮੇਟੀ ਵਿਚ ਬਾਦਲਾਂ ਵਿਰੁਧ ਬਗ਼ਾਵਤ ਮਗਰੋਂ, ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਕਾਲੀ ਦਲ 'ਚੋਂ ਬਰਖ਼ਾਸਤ, ਬਣਾਉਣਗੇ ਨਵਾਂ ਫ਼ਰੰਟ

image

ਚੰਡੀਗੜ੍ਹ, 16 ਮਾਰਚ (ਸਸਸ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਅਕਾਲੀ ਦਲ ਨੂੰ  ਨਿਖੇੜਨ ਦੇ ਫ਼ੈਸਲੇ ਮੀਰੀ ਪੀਰੀ ਦੇ ਸਿਧਾਂਤਾਂ 'ਤੇ ਸਿੱਧਾ ਹਮਲਾ ਦਸਦਿਆਂ ਇਸ ਨੂੰ  ਪੰਥ ਨੂੰ  ਕਮਜ਼ੋਰ ਕਰਨ ਦੀ ਡੂੰਘੀ ਸਾਜ਼ਸ਼ ਕਰਾਰ ਦਿਤਾ |
ਅਕਾਲੀ ਦਲ ਨੇ ਹਰਮੀਤ ਸਿੰਘ ਕਾਲਕਾ ਨੂੰ  ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਅਤੇ ਪਾਰਟੀ ਦੀ ਦਿੱਲੀ ਇਕਾਈ ਭੰਗ ਕਰਨ ਦਾ ਐਲਾਨ ਕੀਤਾ | ਉਘੇ ਆਗੂ ਅਵਤਾਰ ਸਿੰਘ ਹਿਤ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਵਿਚ ਹਰਿੰਦਰ ਸਿੰਘ ਕੇ ਪੀ, ਭੁਪਿੰਦਰ ਸਿੰਘ ਆਨੰਦ, ਗੁਰਦੇਵ ਸਿੰਘ ਭੋਲਾ ਅਤੇ ਰਵਿੰਦਰ ਸਿੰਘ ਖੁਰਾਣਾ ਸ਼ਾਮਲ ਹਨ | ਇਕ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੇ ਸਾਥੀਆਂ ਨੇ ਮੀਰੀ ਪੀਰੀ ਦੇ ਸਿਧਾਂਤਾਂ ਦੀ ਉਲੰਘਣਾ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਚਾਲੇ ਕੰਧ ਖੜੀ ਕਰ ਦਿਤੀ ਹੈ | ਉਨ੍ਹਾਂ ਕਿਹਾ ਕਿ ਸਿੱਖ ਇਹ ਕਾਰਵਾਈ ਕਦੇ ਬਰਦਾਸ਼ਤ ਨਹੀਂ ਕਰਨਗੇ |

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਲਕਾ ਤੇ ਉਨ੍ਹਾਂ ਦੇ ਟੋਲੇ ਨੇ ਅੱਜ ਦੀ ਕਾਰਵਾਈ ਨਾਲ ਦਿੱਲੀ ਦੀ ਸੰਗਤ ਵਲੋਂ ਦਿਤੇ ਫ਼ਤਵੇ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਚੁਣੇ ਗਏ ਸਨ | ਉਨ੍ਹਾਂ ਲਈ ਫ਼ਤਵਾ ਦਿੱਲੀ ਗੁਰਦੁਆਰਾ ਕਮੇਟੀ ਐਕਟ 1971 ਮੁਤਾਬਕ ਕੌਮ ਦੀ ਸੇਵਾ ਕਰਨ ਲਈ ਸੀ | ਜੇਕਰ ਉਹ ਆਜ਼ਾਦ ਮੈਂਬਰ ਵਜੋਂ ਸੇਵਾ ਕਰਨੀ ਚਾਹੁੰਦੇ ਹਨ ਤਾਂ ਅਸਤੀਫ਼ਾ ਦੇ ਕੇ ਫਿਰ ਤੋਂ ਚੋਣ ਲੜਨ | ਪਤਾ ਲੱਗਾ ਹੈ ਕਿ ਦਿੱਲੀ ਵਿਚ ਬਾਦਲ ਅਕਾਲੀ ਦਲ ਅੰਦਰ ਬਗ਼ਾਵਤ ਦੇ ਪਿੱਛੇ ਕਮੇਟੀ ਦੇ ਇਕ ਸਾਬਕਾ ਪ੍ਰਧਾਨ ਦਾ ਵੱਡਾ ਹੱਥ ਹੈ ਜੋ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕਾ ਹੈ |