CM ਦਫ਼ਤਰ 'ਚ ਲੱਗੀ ਡਾ: ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤਾਂ ਵਿਰੋਧੀਆਂ ਨੇ ਟਵੀਟ ਕਰ ਕਹੀ ਇਹ ਗੱਲ
BJP ਅਤੇ ਪੰਜਾਬ ਲੋਕ ਕਾਂਗਰਸ ਨੇ ਕੀਤਾ ਟਵੀਟ
ਚੰਡੀਗੜ੍ਹ - ਆਪ ਦੀ ਨਵੀਂ ਬਣੀ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਤੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਹੁਣ ਵਿਰੋਧੀਆਂ ਨੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਣਾ ਸ਼ੁਰੂ ਕਰ ਦਿੱਤਾ ਹੈ।
ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਟਵੀਟ ਕਰ ਕੇ ਕਿਹਾ ਕਿ ''ਭਗਵੰਤ ਮਾਨ ਜੀ, ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਦੀ ਤਸਵੀਰ CMO ਦਫ਼ਤਰ ਵਿਚ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਹੈ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾ ਕੇ ਤੁਸੀਂ ਇਸ ਮਹਾਨ ਸ਼ਖਸੀਅਤ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਅਪਮਾਨ ਕੀਤਾ ਹੈ। ਤੁਰੰਤ ਮੁਆਫ਼ੀ ਮੰਗੋ ਅਤੇ ਪੂਰੇ ਸਨਮਾਨ ਨਾਲ ਤਸਵੀਰ ਨੂੰ ਵਾਪਸ ਲਗਾਓ।''
ਇਸ ਦੇ ਨਾਲ ਹੀ ਪੰਜਾਬ ਲੋਕ ਕਾਂਗਰਸ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਟਵੀਟ ਵਿਚ ਲਿਖਿਆ ਗਿਆ ਹੈ ਕਿ ''ਮੁੱਖ ਮੰਤਰੀ ਦਫ਼ਤਰ 'ਚੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾਉਣਾ ਅਸਵੀਕਾਰਨਯੋਗ ਹੈ। ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਸਵੈਮਾਣ, ਬਹਾਦਰੀ ਅਤੇ ਦਲੇਰੀ ਦਾ ਮਹਾਨ ਪ੍ਰਤੀਕ ਹਨ। ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਭਗਵੰਤ ਮਾਨ ਜੀ ਅਪੀਲ ਹੈ ਕਿ ਤਸਵੀਰ ਦੁਬਾਰਾ ਲਗਾਓ''