ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਯੋਜਨਾ ਦਾ ਲਾਭ ਲੈਣ ਲਈ ਰਾਸ਼ਨ ਕਾਰਡ ਰਖਣਾ ਜ਼ਰੂਰੀ ਨਹੀਂ : ਗੋਇਲ

ਏਜੰਸੀ

ਖ਼ਬਰਾਂ, ਪੰਜਾਬ

ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਯੋਜਨਾ ਦਾ ਲਾਭ ਲੈਣ ਲਈ ਰਾਸ਼ਨ ਕਾਰਡ ਰਖਣਾ ਜ਼ਰੂਰੀ ਨਹੀਂ : ਗੋਇਲ

image

ਨਵੀਂ ਦਿੱਲੀ, 16 ਮਾਰਚ : ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਬੁਧਵਾਰ ਨੂੰ ਲੋਕਸਭਾ ਵਿਚ ਸਪਸ਼ਟ ਕੀਤਾ ਕਿ ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਯੋਜਨਾ ਦਾ ਲਾਭ ਲੈਣ ਲਈ ਅਪਣ ਨਾਲ ਰਾਸ਼ਨ ਕਾਰਡ ਰੱਖਣ ਦੀ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਨੂੰ ਦੇਸ਼ ਦੀ ਕਿਸੇ ਵੀ ਥਾਂ ’ਤੇ ਅਪਣੀ ਪਸੰਦ ਦੀ ਉਚਿਤ ਦਰ ਦੀ ਦੁਕਾਨ ’ਤੇ ਅਪਣੇ ਰਾਸ਼ਨ ਕਾਰਡ ਦਾ ਨੰਬਰ ਅਤੇ ਆਧਾਰ ਨੰਬਰ ਦਰਜ ਕਰਾਉਣਾ ਹੁੰਦਾ ਹੈ। ਲੋਕ ਸਭਾ ’ਚ ਮੂਲਕ ਨਾਗਰ, ਹੇਮਾ ਮਾਲਿਨੀ, ਮਹੁਆ ਮੋਈਤਰਾ ਅਤੇ ਫ਼ਾਰੂਕ ਅਬਦੁੱਲਾ ਦੇ ਪੂਰਕ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਇਹ ਗੱਲ ਕਹੀ।
ਗੋਇਲ ਨੇ ਕਿਹਾ ਕਿ ਦੇਸ਼ ’ਚ ਗ਼ਰੀਬਾਂ ਨੂੰ ਨਵੀਂ ਥਾਂ ਜਾਣ ’ਤੇ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਅਪਣਾ ਆਧਾਰ ਕਾਰਡ ਨੰਬਰ ਯਾਦ ਰੱਖਣਾ ਹੈ ਅਤੇ ਉਹ ਜਿਥੇ ਵੀ ਜਾਣਗੇ, ਉੱਥੇ ਉਨ੍ਹਾਂ ਨੂੰ ਬਾਇਓਮੈਟਿ੍ਰਕ ਸਿਸਟਮ ਤਹਿਤ ਪਛਾਣ ਦਰਜ ਕਰ ਕੇ ਸਸਤੇ ਦਰ ’ਤੇ ਰਾਸ਼ਨ ਉਪਲੱਬਧ ਹੋ ਜਾਵੇਗਾ। 
ਗੋਇਲ ਨੇ ਕਿਹਾ ਕਿ ਰਾਸ਼ਨ ਦੀ ਦੁਕਾਨ ’ਤੇ ਬਾਇਓਮੈਟਿ੍ਰਕ ਤਰੀਕੇ ਨਾਲ ਅਪਣੀ ਪਛਾਣ ਦੱਸ ਕੇ ਆਸਾਨੀ ਨਾਲ ਰਾਸ਼ਨ ਲੈ ਸਕਦੇ ਹੋ। ਇਹ ਸਹੂਲਤ ਪੂਰੇ ਦੇਸ਼ ’ਚ ਲਾਗੂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਆਸਾਮ ’ਚ ਕੁੱਝ ਤਕਨੀਕੀ ਕਾਰਨਾਂ ਕਰ ਕੇ ਮੁਸ਼ਕਲ ਪੇਸ਼ ਆਉਂਦੀ ਸੀ ਪਰ ਹੁਣ ਉਥੇ ਇਹ ਮੁਸ਼ਕਲ ਦੂਰ ਹੋ ਗਈ ਹੈ। ਉਥੇ ਵੀ ਤੇਜ਼ੀ ਨਾਲ ਇਸ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਹੈ। ਗੋਇਲ ਨੇ ਕਿਹਾ ਕਿ ਦੇਸ਼ ’ਚ 97 ਫ਼ੀ ਸਦੀ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਸਿਸਟਮ ਨਾਲ ਜੋੜਿਆ ਜਾ ਚੁਕਾ ਹੈ। ਦੇਸ਼ ’ਚ 80 ਕਰੋੜ ਰਾਸ਼ਨ ਕਾਰਡ ਧਾਰਕਾਂ ’ਚੋਂ 77 ਕਰੋੜ ਨੂੰ ਇਹ ਸਹੂਲਤ ਦਿਤੀ ਜਾ ਰਹੀ ਹੈ। 
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ‘ਅੰਨ ਯੋਜਨਾ’ ਤਹਿਤ ਗ਼ਰੀਬਾਂ ਨੂੰ ਪੰਜ ਕਿਲੋ ਵਾਧੂ ਰਾਸ਼ਨ ਦਿਤਾ ਜਾ ਰਿਹਾ ਹੈ ਅਤੇ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਯੋਜਨਾ ਤਹਿਤ ਦੇਸ਼ ਭਰ ’ਚ ਹਰ ਗ਼ਰੀਬ ਵਿਅਕਤੀ ਨੂੰ ਇਹ ਰਾਸ਼ਨ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਗ਼ਰੀਬਾਂ ਦੇ ਖਾਤਿਆਂ ’ਚ ਪੈਸੇ ਸਿੱਧੇ ਟਰਾਂਸਫਰ ਕਰਨ ਸਬੰਧੀ ਇਕ ਹੋਰ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਕਨੀਕੀ ਪਹਿਲੂਆਂ ਦੇ ਨਾਲ-ਨਾਲ ਹੋਰ ਵੀ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ।    (ਏਜੰਸੀ)