ਦੇਸ਼ ਦੀ ਚੋਣ ਰਾਜਨੀਤੀ ’ਚ ਸੋਸ਼ਲ ਮੀਡੀਆ ਦੇ ‘ਯੋਜਨਾਬੱਧ ਪ੍ਰਭਾਵ ਅਤੇ ਦਖ਼ਲ’ ’ਤੇ ਲੱਗੇ ਰੋਕ : ਸੋਨੀਆ ਗਾਂਧੀ
ਦੇਸ਼ ਦੀ ਚੋਣ ਰਾਜਨੀਤੀ ’ਚ ਸੋਸ਼ਲ ਮੀਡੀਆ ਦੇ ‘ਯੋਜਨਾਬੱਧ ਪ੍ਰਭਾਵ ਅਤੇ ਦਖ਼ਲ’ ’ਤੇ ਲੱਗੇ ਰੋਕ : ਸੋਨੀਆ ਗਾਂਧੀ
ਨਵੀਂ ਦਿੱਲੀ, 16 ਮਾਰਚ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੀ ਚੋਣ ਰਾਜਨੀਤੀ ਵਿਚ ਸੋਸ਼ਲ ਮੀਡੀਆ ਕੰਪਨੀਆਂ ਦੇ ‘ਯੋਜਨਾਬੱਧ ਪ੍ਰਭਾਵ ਅਤੇ ਦਖ਼ਲਅੰਦਾਜੀ’ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨਫਰਤ ਫ਼ੈਲਾਉਣ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਇਸ ’ਤੇ ਰੋਕ ਲਾਉਣੀ ਚਾਹੀਦੀ ਹੈ। ਉਨ੍ਹਾਂ ਲੋਕ ਸਭਾ ਵਿਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਕੁੱਝ ਅੰਤਰਰਾਸ਼ਟਰੀ ਮੀਡੀਆ ਸਮੂਹਾਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ “ਸੱਤਾਧਾਰੀ ਪਾਰਟੀ ਦੀ ਮਿਲੀਭੁਗਤ ਨਾਲ ਸੋਸ਼ਲ ਮੀਡੀਆ ਕੰਪਨੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ’’।
ਸੋਨੀਆ ਗਾਂਧੀ ਨੇ ਕਿਹਾ, ‘‘ਸਾਡੇ ਲੋਕਤੰਤਰ ਨੂੰ ਹੈਕ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਫ਼ੇਸਬੁੱਕ ਅਤੇ ਟਵਿੱਟਰ ਵਰਗੀਆਂ ਗਲੋਬਲ ਕੰਪਨੀਆਂ ਦੀ ਵਰਤੋਂ ਰਾਜਨੇਤਾਵਾਂ, ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੁਆਰਾ ਰਾਜਨੀਤਕ ਭਾਸ਼ਣ ਬਣਾਉਣ ਲਈ ਕੀਤੀ ਜਾਂਦੀ ਹੈ।’’ ਉਨ੍ਹਾਂ ਮੁਤਾਬਕ ਇਹ ਵਾਰ-ਵਾਰ ਲੋਕਾਂ ਦੇ ਧਿਆਨ ’ਚ ਆਇਆ ਹੈ ਕਿ ਗਲੋਬਲ ਸੋਸ਼ਲ ਮੀਡੀਆ ਕੰਪਨੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੁਕਾਬਲੇ ਦੇ ਬਰਾਬਰ ਮੌਕੇ ਪ੍ਰਦਾਨ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ‘ਵਾਲ ਸਟਰੀਟ ਜਰਨਲ’ ਨੇ ਖ਼ਬਰ ਦਿਤੀ ਸੀ ਕਿ ਕਿਵੇਂ ਨਫਰਤ ਭਰੇ ਭਾਸ਼ਣ ਦੁਆਰਾ ਫ਼ੇਸਬੁੱਕ ਦੇ ਅਪਣੇ ਨਿਯਮਾਂ ਦੀ ਉਲੰਘਣਾ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੇ ਹੱਕ ਵਿਚ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਨੇ ਅੰਤਰਰਾਸ਼ਟਰੀ ਮੀਡੀਆ ਸਮੂਹ ‘ਅਲ ਜਜੀਰਾ’ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹ ਰਿਪੋਰਟ ਦਰਸ਼ਾਉਂਦੀ ਹੈ ਕਿ ਪ੍ਰਤੀਨਿਧੀ ਇਸ਼ਤਿਹਾਰ ਦੇਣ ਵਾਲਿਆਂ ਦਾ ਇਕ ਜ਼ਹਿਰੀਲਾ ਤੰਤਰ ਫ਼ੇਸਬੁੱਕ ’ਤੇ ਵਧ-ਫੁੱਲ ਰਿਹਾ ਹੈ ਅਤੇ ਸਾਡੇ ਦੇਸ਼ ਦੇ ਚੋਣ ਕਾਨੂੰਨਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ, ਫ਼ੇਸਬੁੱਕ ਦੇ ਖ਼ੁਦ ਦੇ ਨਿਯਮਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਸਰਕਾਰ ਵਿਰੁਧ ਬੋਲਣ ਵਾਲਿਆਂ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਦਬਾਇਆ ਜਾ ਰਿਹਾ ਹੈ।’’
ਸੋਨੀਆ ਗਾਂਧੀ ਨੇ ਦਾਅਵਾ ਕੀਤਾ, “ਸੱਤਾਧਾਰੀ ਅਦਾਰੇ ਨਾਲ ਮਿਲੀਭੁਗਤ ਜ਼ਰੀਏ ਫੇਸਬੁੱਕ ਵਲੋਂ ਜਿਸ ਤਰ੍ਹਾਂ ਜਨਤਕ ਤੌਰ ’ਤੇ ਸਮਾਜਕ ਸਦਭਾਵਨਾ ਨੂੰ ਭੰਗ ਕੀਤਾ ਜਾ ਰਿਹਾ ਹੈ, ਉਸ ਨਾਲ ਸਾਡੇ ਲੋਕਤੰਤਰ ਨੂੰ ਖ਼ਤਰਾ ਹੈ। ਨੌਜਵਾਨਾਂ ਅਤੇ ਬਜ਼ੁਰਗਾਂ ਦੇ ਮਨਾਂ ਵਿਚ ਭਾਵਨਾਤਮਕ ਤੌਰ ’ਤੇ ਉਤੇਜਿਤ ਦੁਸ਼ ਪ੍ਰਚਾਰ ਅਤੇ ਪ੍ਰਤੀਨਿਧ ਇਸ਼ਤਿਹਾਰਾਂ ਰਾਹੀਂ ਨਫ਼ਰਤ ਭਰੀ ਜਾ ਰਹੀ ਹੈ। ਫ਼ੇਸਬੁੱਕ ਵਰਗੀਆਂ ਕੰਪਨੀਆਂ ਇਸ ਬਾਰੇ ਜਾਣੂ ਹਨ ਅਤੇ ਇਸ ਤੋਂ ਮੁਨਾਫ਼ਾ ਕਮਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਖ਼ਬਰਾਂ ਦਰਸ਼ਾਉਂਦੀਆਂ ਹਨ ਕਿ ਕਿਵੇਂ ਵੱਡੇ ਕਾਰਪੋਰੇਟ ਸਮੂਹਾਂ, ਸੱਤਾਧਾਰੀ ਅਦਾਰੇ ਅਤੇ ਫ਼ੇਸਬੁੱਕ ਵਰਗੀਆਂ ਗਲੋਬਲ ਸੋਸ਼ਲ ਮੀਡੀਆ ਕੰਪਨੀਆਂ ਵਿਚਕਾਰ “ਮਿਲੀਭੁਗਤ’’ ਵਧ ਰਹੀ ਹੈ। (ਏਜੰਸੀ)