lok Sabha Election 2024: ਹਲਕਾ ਪਟਿਆਲਾ ਦਾ ਲੇਖਾ ਜੋਖਾ: ਕਾਂਗਰਸ ਨੇ 7 ਵਾਰ ਜਿੱਤੀ ਚੋਣ
ਪੜ੍ਹੋ ਬਾਕੀ ਪਾਰਟੀਆਂ ਦੇ ਅੰਕੜੇ
lok Sabha Election 2024: ਪਟਿਆਲਾ : 2024 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ 19 ਅ੍ਰਪੈਲ ਤੋਂ ਚੋਣਾਂ ਦੀ ਸ਼ੁਰੂਆਤ ਹੋਵੇਗੀ ਤੇ 4 ਜੂਨ ਨੂੰ ਨਤੀਜਾ ਆ ਜਾਵੇਗਾ। ਗੱਲ ਪੰਜਾਬ ਦੇ ਹਲਕਿਆਂ ਦੀ ਕੀਤੀ ਜਾਵੇ ਤਾਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਹੀ ਜ਼ਿਆਦਾ ਵਾਰ ਬਾਜ਼ੀ ਮਾਰੀ ਹੈ। ਗੱਲ ਪਟਿਆਲਾ ਲੋਕ ਸਭਾ ਹਲਕਾ ਦੀ ਕੀਤੀ ਜਾਵੇ ਤਾਂ ਇਹ ਹਮੇਸ਼ਾ ਕਾਂਗਰਸ ਦਾ ਗੜ੍ਹ ਰਿਹਾ ਹੈ।
1971 ਤੋਂ 2019 ਤੱਕ 13 ਵਾਰ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਸੱਤ ਵਾਰ ਚੋਣ ਜਿੱਤੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਵਾਰ ਇਹ ਸੀਟ ਜਿੱਤੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਕ ਵਾਰ ਚੋਣ ਜਿੱਤੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਕ ਵਾਰ ਆਜ਼ਾਦ ਉਮੀਦਵਾਰ ਵੀ ਪਟਿਆਲਾ ਹਲਕਾ ਦੀ ਚੋਣ ਜਿੱਤਣ ਵਿਚ ਸਫ਼ਲ ਰਿਹਾ ਹੈ।
1971 ਵਿਚ ਹੋਈ ਪਹਿਲੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਸਤਪਾਲ ਨੇ ਪਟਿਆਲਾ ਸੀਟ ਜਿੱਤੀ ਸੀ। ਕਾਂਗਰਸੀ ਆਗੂ ਸਤਪਾਲ ਨੇ 47.87 ਫ਼ੀਸਦੀ ਕੁੱਲ ਵੋਟਾਂ ਹਾਸਲ ਕਰ ਕੇ ਅਕਾਲੀ ਦਲ ਦੇ ਉਮੀਦਵਾਰ ਗਿਆਨ ਸਿੰਘ ਨੂੰ ਹਰਾਇਆ ਸੀ। ਸਾਲ 1980 ਵਿਚ ਕੈਪਟਨ ਅਰਮਿੰਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਿਆਂ ਚੋਣ ਜਿੱਤੀ। ਕੈਪਟਨ ਅਮਰਿੰਦਰ ਸਿੰਘ ਨੇ 56 ਫੀਸਦੀ ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ।
1992 ਵਿਚ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ। ਜਦੋਂਕਿ ਕਾਂਗਰਸ ਵੱਲੋਂ ਪ੍ਰਨੀਤ ਕੌਰ ਨੇ ਸਭ ਤੋਂ ਵੱਧ ਚਾਰ ਵਾਰ ਪਟਿਆਲਾ ਲੋਕ ਸਭਾ ਸੀਟ ਜਿੱਤੀ। ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ 2014 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕਰ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਨੀਤ ਕੌਰ ਨੂੰ ਹਰਾਇਆ।
ਡਾ. ਗਾਂਧੀ ਨੇ ਪ੍ਰਨੀਤ ਕੌਰ ਨੂੰ 20 ਹਜ਼ਾਰ 942 ਵੋਟਾਂ ਨਾਲ ਹਰਾਇਆ। ਉਸ ਸਮੇਂ ਪਟਿਆਲਾ ਹਲਕੇ ਦੀਆਂ 1120933 ਵਿਚੋਂ 365671 ‘ਆਪ’ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅਤੇ 344729 ਵੋਟਾਂ ਕਾਂਗਰਸ ਵੱਲੋਂ ਉਮੀਦਵਾਰ ਪ੍ਰਨੀਤ ਕੌਰ ਦੇ ਹਿੱਸੇ ਆਈਆਂ।
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਪਟਿਆਲਾ ਤੋਂ ਚੋਣ ਲੜਦਿਆਂ ਚਾਰ ਵਾਰ ਜਿੱਤ ਹਾਸਲ ਕੀਤੀ ਹੈ। ਸਾਲ 1977 ਵਿਚ ਸੀਨੀਅਰ ਅਕਾਲੀ ਆਗੂ ਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਪਹਿਲੀ ਵਾਰ ਪਟਿਆਲਾ ਸੀਟ ਜਿੱਤ ਕੇ ਅਕਾਲੀ ਦਲ ਦੀ ਬੁੱਕਲ ਵਿਚ ਪਾਈ। 1985 ਵਿਚ ਹੋਈ ਚੋਣ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਜੇਤੂ ਰਹੇ। 1996 ਵਿਚ ਪਟਿਆਲਾ ਲੋਕ ਸਭਾ ਚੋਣ ਵਿਚ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਤ ਹਾਸਲ ਕੀਤੀ।
ਇਸ ਦੌਰਾਨ ਕੇਂਦਰ ਅਕਾਲੀ ਭਾਜਪਾ ਦਾ ਗੱਠਜੋੜ ਸੀ ਤੇ ਅਟਲ ਬਿਹਾਰੀ ਵਾਜਪਾਈ ਸਰਕਾਰ 13 ਦਿਨਾਂ ਤੱਕ ਚੱਲੀ ਫਿਰ ਬਣੀ ਸਰਕਾਰ 13 ਮਹੀਨੇ ਤੱਕ ਹੀ ਚੱਲ ਸਕੀ। ਜਿਸ ਕਰਕੇ 1998 ਮੁੜ ਲੋਕ ਸਭਾ ਚੋਣਾਂ ਹੋਈਆਂ ਤਾਂ ਪਟਿਆਲਾ ਹਲਕੇ ਤੋਂ ਪ੍ਰੋ.ਚੰਦੂਮਾਜਰਾ, ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜੇਤੂ ਰਹੇ। ਇਸ ਤੋਂ ਬਾਅਦ ਪਟਿਆਲਾ ਹਲਕੇ ਵਿਚ ਅਕਾਲੀ ਦਲ ਹਾਰਦੀ ਹੀ ਰਹੀ।
ਇੰਝ ਰਹੇ ਲੋਕ ਸਭਾ ਹਲਕਾ ਪਟਿਆਲਾ ਦੇ 1971 ਤੋਂ 2019 ਤੱਕ ਦੇ ਅੰਕੜੇ
ਕਾਂਗਰਸ : 07
ਸ਼੍ਰੋਮਣੀ ਅਕਾਲੀ ਦਲ : 04
ਆਪ : 01
ਆਜ਼ਾਦ : 01