ਦੋਹਰੀਆਂ ਵੋਟਰ ਲਿਸਟਾਂ ਤੇ ਆਧਾਰ ਕਾਰਡ ਨਾਲ ਲਿੰਕ ਦਾ ਮਾਮਲਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਚੋਣ ਪਟੀਸ਼ਨਰ ਦੀ ਡਿਊਟੀ ਦਿਤੀ
Case of double voter lists and linking with Aadhaar card: ਦੇਸ਼ ਦੀਆਂ ਮੁੱਖ ਵਿਰੋਧੀ ਧਿਰਾਂ ਕਾਂਗਰਸ, ਟੀ ਐਮ ਸੀ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਤੇ ਹੋਰਾਂ ਵਲੋਂ ਦੋਹਰੀਆਂ ਜਾਂ ਨਕਲੀ ਵੋਟਰ ਲਿਸਟਾਂ ਅਤੇ ਵੋਟਰ ਸ਼ਨਾਖਤੀ ਕਾਰਡਾਂ ਦਾ ਲਿੰਕ, ਆਧਾਰ ਕਾਰਡ ਨਾਲ ਕਰਨ ਸਮੇਤ ਹੋਰ ਧੋਖਾ ਕੀਤੇ ਜਾਣ ਦੇ ਪਿਛਲੇ ਕਈ ਸਾਲਾਂ ਤੋਂ ਆਮ ਪਬਲਿਕ ਅਤੇ ਸੰਸਦ ਵਿਚ ਉਠਾਏ ਜਾ ਰਹੇ ਮਾਮਲਿਆਂ ਦੀ ਲੋਅ ਵਿਚ ਭਾਰਤ ਦੇ ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਸਾਰੇ ਰਾਜਾਂ ਤੇ ਕੇਂਦਰ ਪ੍ਰਸ਼ਾਸਤ ਯਾਨੀ ਯੂ.ਟੀ. ਦੇ ਮੁੱਖ ਚੋਣ ਅਧਿਕਾਰੀਆਂ ਦੀ 2 ਦਿਨਾਂ ਕਾਨਫ਼ਰੰਸ ਕੀਤੀ ਜਿਸ ਵਿਚ ਸਿਆਸੀ ਪਾਰਟੀਆਂ ਵਲੋਂ ਲਾਏ ਗਏ ਦੋਸ਼ਾਂ ਸਬੰਧੀ ਬਾਰੀਕੀ ਨਾਲ ਚਰਚਾ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨਾਲ ਇਸ ਵਿਸ਼ੇਸ ’ਤੇ ਕੀਤੀ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ.ਸੀ. ਨੇ ਦਸਿਆ ਕਿ ਦੇਸ ਦੇ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਤੇ ਡਾ. ਵਿਵੇਕ ਜੋਸ਼ੀ ਦੀ ਅਗਵਾਈ ਵਿਚ ਕਈ ਤਰ੍ਹਾਂ ਦੇ ਤਕਨੀਕੀ ਵਿਚਾਰ ਚਰਚੇ ਕੀਤੇ ਗਏ ਜਿਨ੍ਹਾਂ ਵਿਚ ਆਡੀਉ ਬੁੱਕ, ਈ ਬੁੱਕ, ਡੈਸ਼ ਬੋਰਡ, ਵੀਡੀਉ ਆਦਿ ਤਿਆਰ ਕਰਨ ਅਤੇ ਵੋਟਰ ਸ਼ਨਾਖਤੀ ਕਾਰਡਾਂ ਨੂੰ ਉਨ੍ਹਾਂ ਦੇ ਆਧਾਰ ਕਾਰਡਾਂ ਨਾਲ ਲਿੰਕਕਰਨ ਤੋਂ ਉਤਪੰਨ ਹੁੰਦੇ ਸ਼ੰਕੇ ਜਾਂ ਨਕਲੀ ਵੋਟਰ ਲਿਸਟਾਂ ਆਦਿ ਸ਼ਾਮਲ ਸਨ।
ਇਸ 2 ਦਿਨਾਂ ਕਾਨਫ਼ਰੰਸ ਵਿਚ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਜ਼ਿਲ੍ਹਾ ਚੋਣ ਅਫ਼ਸਰਾਂ ਦਾ ਸੰਚਾਰ ਲਿੰਕ, ਡਿਜੀਟਲ ਮੇਲ ਜੋਲ, ਮਜ਼ਬੂਤ ਪੱਧਰ ’ਤੇ ਤਾਲਮੇਲ ਜਾਂ ਉਸ ਸੂਬੇ ਦੀਆਂ ਸਥਾਨਕ ਮੁਸ਼ਕਲਾਂ ਜਾਣਨ ਜਾਂ ਸਮੱਸਿਆਵਾਂ ਤਾਂ ਤੁਰਤ ਹੱਲ ਕਰਨ ਬਾਰੇ ਵੀ ਖ਼ੂਬ ਚਰਚਾ ਹੋਈ।
ਜ਼ਿਕਰਯੋਗ ਹੈ ਕਿ ਚੀਫ਼ ਚੋਣ ਕਮਿਸ਼ਨਰ ਦੇ ਦਫ਼ਤਰ ਵਲੋਂ ਲਗਭਗ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਵੱਖ ਵੱਖ ਪੱਧਰ ’ਤੇ ਅਹਿਮ ਡਿਊਟੀ ਨਿਭਾਉਣ ਅਤੇ ਇਸ ਸਬੰਧੀ ਡਿਜੀਟਲ ਪੋਰਟਲ ਜਾਂ ਹੈਂਡਬੁਕ ਪੋਰਟਲ ਤਿਆਰ ਕਰਨ ਨੂੰ ਕਿਹਾ ਗਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ.ਸੀ. ਨੂੰ ਚੋਣ ਪਟੀਸ਼ਨਰ ਦੀ ਡਿਊਟੀ ਸੰਭਾਲੀ ਗਈ ਹੈ ਜਿਸ ਤਹਿਤ ਉਹ ਜ਼ਿਲ੍ਹਾ ਚੋਣ ਅਫ਼ਸਰਾਂ ਸਮੇਤ ਹੋਰ ਚੋਣ ਅਧਿਕਾਰੀਆਂ ਤੋਂ ਵੇਰਵੇ ਅਤੇ ਅੰਕੜੇ ਲੈ ਕੇ ਇਕ ਡਿਜੀਟਲ ਪੋਰਟਲ ਤਿਆਰ ਕਰ ਕੇ ਚੋਣ ਕਮਿਸ਼ਨ ਨੂੰ ਆਨਲਾਈਨ ਭੇਜ ਦੇਣਗੇ।
ਇਸੇ ਮਹੀਨੇ ਦੀ 4 ਅਤੇ 5 ਤਰੀਕ ਨੂੰ ਦਿੱਲੀ ਵਿਚ ਆਯੋਜਤ ਇਸ ਮਹੱਤਵਪੂਰਨ ਕਾਨਫ਼ਰੰਸ ਵਿਚ ਲੋਕ ਪ੍ਰਤੀਨਿਧੀ ਐਕਟ 10950-51 ਤਹਿਤ ਬਣਾਏ ਨਿਯਮਾ ਵਿਚ ਸਮੇਂ ਸਮੇਂ ਤੇ ਸੁਪਰੀਮ ਕੋਰਟ ਵਲੋਂ ਦਿਤੇ ਸੁਝਾਅ ਅਤੇ ਫ਼ੈਸਲਿਆਂ ਦੀ ਲੋਅ ਵਿਚ ਕੀਤੀਆਂ ਤਰਮੀਮਾਂ ਮੁਤਾਬਕ ਵੋਟਰਾਂ ਦੇ ਸ਼ਨਾਖਤੀ ਕਾਰਡ, ਕਥਿਤ ਦੋਹਰੀਆਂ ਜਾਂ ਨਕਲੀ ਵੋਟਰ ਲਿਸਟਾਂ ਬਾਰੇ ਵੀ ਖੁਲ੍ਹ ਕੇ ਚਰਚਾ ਹੋਈ।
ਵਿਰੋਧੀ ਧਿਰਾਂ ਵਲੋਂ ਲਾਏ ਕਈ ਤਰ੍ਹਾਂ ਦੇ ਦੋਸ਼ਾਂ ਅਤੇ ਸੰਸਦ ਵਿਚ ਉਠਾਏ ਗਏ ਮਾਮਲਿਆਂ ਸਬੰਧੀ ਦਿੱਲੀ ਸਥਿਤ ਚੀਫ਼ ਚੋਣ ਕਮਿਸ਼ਨਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਗੋਵਿੰਦ ਮੋਹਨ, ਕਾਨੂੰਨ ਮਹਿਕਮੇ ਦੇ ਸਕੱਤਰ ਰਾਜੀਵ ਮਣੀ ਅਤੇ ਸ਼ਨਾਖਤੀ ਕਾਰਡ ਯਾਨੀ ਆਧਾਰ ਕਾਰਡ ਦੇ ਚੀਫ਼ ਭੁਵਨੇਸ਼ ਕੁਮਾਰ ਨਾਲ ਪਰਸੋਂ ਮੰਗਲਵਾਰ ਨੂੰ ਬੈਠਕ ਰੱਖੀ ਹੈ ਕਿਵੁਂਕਿ ਕਾਂਗਰਸ ਅਤੇ ਟੀ.ਐਮ.ਸੀ. ਸਹਿਤ ਕੁਲ 9 ਵਿਰੋਧੀ ਪਾਰਟੀਆਂ ਨੇ ਸੰਸਦ ਵਿਚ ਇਸ ਵਿਸ਼ੇ ’ਤੇ ਬਹਿਸ ਕਰਨ ਦੀ ਮੰਗ ਕੀਤੀ ਹੋਈ ਹੈ। ਇਸ ਕਰ ਕੇ ਵੋਟਰ ਕਾਰਡ ਨਾਲ ਆਧਾਰ ਕਾਰਡ ਦੇ ਲਿੰਕ ਦੀ ਨਾਜਾਇਜ਼ ਵਰਤੋਂ ਦਾ ਮਸਲਾ ਕਾਫ਼ੀ ਅਹਿਮ ਹੋ ਗਿਆ ਹੈ।