ਗੰਜਾਪਨ ਦੂਰ ਕਰਨ ਸੰਬੰਧੀ ਲਾਏ ਕੈਂਪ ਦੇ ਮਾਮਲੇ 'ਚ 2 ਵਿਅਕਤੀਆਂ ਖਿਲਾਫ਼ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ

Case registered against 2 people in connection with camp held to cure baldness

ਸੰਗਰੂਰ:  ਸੰਗਰੂਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਸੰਗਰੂਰ ਸ਼ਹਿਰ ਵਿਖੇ ਗੰਜਾਪਨ ਦੂਰ ਕਰਨ ਸੰਬੰਧੀ ਲਗਾਏ ਗਏ ਇਕ ਕੈਂਪ ਦੌਰਾਨ ਗੈਰ ਪ੍ਰਮਾਣਿਤ ਦੇਸੀ ਦਵਾਈਆਂ ਦੀ ਵਿਕਰੀ ਕਰਕੇ ਲੋਕਾਂ ਦੀ ਸਿਹਤ ਨੂੰ ਜੋਖਿਮ ਵਿਚ ਪਾਉਣ ਦੇ ਮਾਮਲੇ ਵਿਚ ਸੰਗਰੂਰ ਪੁਲਿਸ ਵਲੋਂ 2 ਵਿਅਕਤੀਆਂ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਅਤੇ ਜਿਵੇਂ ਹੀ ਖਬਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਆਦੇਸ਼ ਦਿੱਤੇ।

ਐਸ.ਐਸ.ਪੀ. ਸਰਤਾਜ ਸਿੰਘ ਚਾਹਲ (ਆਈ.ਪੀ.ਐਸ.) ਦੀਆਂ ਹਦਾਇਤਾਂ ਉਤੇ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਐਸ.ਐਚ.ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸੁਖਵੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ਉਤੇ ਤੇਜਿੰਦਰਪਾਲ ਸਿੰਘ ਵਾਸੀ ਸੰਗਰੂਰ ਅਤੇ ਅਮਨਦੀਪ ਸਿੰਘ ਵਾਸੀ ਖੰਨਾ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਕ ਵਿਅਕਤੀ ਤੇਜਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਅਮਨਦੀਪ ਵਾਸੀ ਖੰਨਾ ਦੀ ਭਾਲ ਜਾਰੀ ਹੈ।