ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਵਾਲਾ AI ਵੀਡੀਓ ਹੋਇਆ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੀਡੀਓ ’ਚ ਦਸਤਾਰਧਾਰੀ ਕੰਕਾਲ ਨੂੰ ਜੁੱਤੀਆਂ ਸਮੇਤ ਪਵਿੱਤਰ ਪਰਿਕਰਮਾ ਤੇ ਲੰਗਰ ਹਾਲ ’ਚ ਦਿਖਾਇਆ ਗਿਆ 

AI video of sacrilege of Sachkhand Sri Harmandir Sahib goes viral

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਇੱਕ ਇਤਰਾਜ਼ਯੋਗ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਇਸ ਵੀਡੀਓ ਵਿੱਚ ਇੱਕ ਦਸਤਾਰਧਾਰੀ ਕੰਕਾਲ ਨੂੰ ਜੁੱਤੀਆਂ ਸਮੇਤ ਪਵਿੱਤਰ ਪਰਿਕਰਮਾ ਅਤੇ ਲੰਗਰ ਹਾਲ ਵਿੱਚ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਆਦਾ ਦੀ ਸਿੱਧੀ ਉਲੰਘਣਾ ਅਤੇ ਬੇਅਦਬੀ ਹੈ।

ਇੰਸਟਾਗ੍ਰਾਮ 'ਤੇ 'ਐਨਾਟੋਮੀ ਕਰਾਊਨ' ਨਾਮਕ ਅਕਾਊਂਟ ਤੋਂ ਅਪਲੋਡ ਕੀਤੀ ਗਈ ਇਸ 1.36 ਮਿੰਟ ਦੀ ਵੀਡੀਓ ਵਿੱਚ ਅੰਮ੍ਰਿਤਸਰ ਦੀ 7 ਦਿਨਾਂ ਦੀ ਯਾਤਰਾ ਦਿਖਾਈ ਗਈ ਹੈ। ਵੀਡੀਓ ਵਿੱਚ ਇੱਕ ਕੰਕਾਲ ਨੂੰ ਨੀਲੀ ਪੱਗ ਬੰਨ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਜੁੱਤੀਆਂ ਸਮੇਤ ਬੈਠਾ ਦਿਖਾਇਆ ਗਿਆ ਹੈ। ਲੰਗਰ ਹਾਲ ਵਿੱਚ ਵੀ ਉਹੀ ਕੰਕਾਲ ਜੁੱਤੀਆਂ ਪਾ ਕੇ ਲੰਗਰ ਛਕਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਹੁਣ ਤੱਕ 7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਐਸ.ਜੀ.ਪੀ.ਸੀ. ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੀ AI ਜਾਂਚ ਟੀਮ ਇਸ ਵੀਡੀਓ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ । ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਸ਼ਲ ਮੀਡੀਆ ਰਾਹੀਂ ਅਜਿਹੀ ਹਰਕਤ ਹੋਈ ਹੋਵੇ। ਇਸ ਤੋਂ ਪਹਿਲਾਂ ਵੀ ਇੱਕ AI ਵੀਡੀਓ ਵਿੱਚ ਪਰਿਕਰਮਾ ਅੰਦਰ ਗੱਡੀ ਦਿਖਾਈ ਗਈ ਸੀ ਅਤੇ ਇੱਕ ਮੁਸਲਿਮ ਨੌਜਵਾਨ ਵੱਲੋਂ ਸਰੋਵਰ ਵਿੱਚ ਵਜ਼ੂ ਕਰਨ ਦੀ ਵੀਡੀਓ ਵੀ ਸਾਹਮਣੇ ਆਈ ਸੀ। ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਫ਼ਿਰਕੂ ਸਦਭਾਵਨਾ ਵਿਗਾੜਨ ਵਾਲੀਆਂ AI ਵੀਡੀਓਜ਼ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ।