6 ਮਹੀਨਿਆਂ ਤੋਂ ਤਨਖ਼ਾਹੋਂ ਵਾਂਝੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਰੋਸ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਪਨੀ 'ਤੇ ਸ਼ੁਰੂ ਤੋਂ ਹੀ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਦੋਸ਼

Strike

ਬੀਤੀ 9 ਅਪਰੈਲ ਤੋਂ ਹੜਤਾਲ 'ਤੇ ਚੱਲ ਰਹੇ ਤਨਖਾਹੋਂ ਬਾਂਝੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵਲੋਂ ਤਹਿਸੀਲ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੀ ਅਗਵਾਈ ਕੋਆਰਡੀਨੇਟਰ ਵਿਵੇਕ ਕੁਮਾਰ ਤੇ ਐਸਡੀਈ ਬਿਕਰਮ ਸਿੰਘ ਨੇ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੇਵਾ ਕੇਂਦਰਾਂ ਦਾ ਪ੍ਰਬੰਧ ਦੇਖ ਰਹੀ ਬੀਐਲਐਸ ਕੰਪਨੀ ਵਲੋਂ ਮੁਲਾਜ਼ਮਾਂ ਦਾ ਮੁੱਢ ਤੋਂ ਹੀ ਮਾਨਸਿਕ ਤੇ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਉਨਾਂ੍ਹ ਕੋਲੋਂ ਨਿਗੁਣੀਆਂ ਤਨਖਾਹਾਂ ਤੇ ਬਿਨਾਂ੍ਹ ਛੁੱਟੀ ਦਿੱਤੇ ਕੰਮ ਕਰਵਾਇਆ ਜਾ ਰਿਹਾ ਹੈ। ਉਹ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨੂੰ ਤਰਸ ਰਹੇ ਹਨ, ਜਿਸ ਲਈ ਉਹ ਕਈ ਵਾਰ ਡਿਪਟੀ ਕਮਿਸ਼ਨਰ ਤੇ ਕੰਪਨੀ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਪਰ ਉਨਾਂ੍ਹ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਤਨਖਾਹਾਂ ਨਾ ਮਿਲਣ ਕਾਰਨ ਉਨਾਂ੍ਹ ਨੂੰ ਆਪਣੀ ਡਿਊਟੀ ਜਾਰੀ ਰੱਖ ਸਕਣਾ ਮੁਸ਼ਕਲ ਹੋਇਆ ਪਿਆ ਹੈ।

ਉਨਾਂ੍ਹ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਉਹ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਝੱਲ ਰਹੇ ਹਨ। ਡਿਪਟੀ ਕਮਿਸ਼ਨਰ ਨੂੰ ਮੰਗ ਦੇਣ ਉਪਰੰਤ ਉਨਾਂ੍ਹ ਦੀ ਇੱਕ ਮਹੀਨੇ ਦੀ ਤਨਖਾਹ ਅਦਾ ਕਰ ਦਿੱਤੀ ਗਈ, ਜਦੋਂ ਕਿ ਬਾਕੀ ਤਨਖਾਹਾਂ ਰੋਕ ਲਈਆਂ ਗਈਆਂ। ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਦੇ ਸਰਕਾਰ ਵਲੋਂ ਅਦਾਇਗੀ ਨਾ ਕੀਤੇ ਜਾਣ ਦੇ ਦਾਅਵੇ ਨੂੰ ਥੋਥਾ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਤੇ ਕੰਪਨੀ ਦਾ ਆਪਸੀ ਮਸਲਾ ਹੈ। ਲਗਾਤਾਰ ਡਿਊਟੀ ਦੇ ਕੇ ਸੇਵਾਵਾਂ ਦੇ ਰਹੇ ਕਰਮਚਾਰੀਆਂ ਰਾਹੀਂ ਸਰਕਾਰ ਤੇ ਕੰਪਨੀ ਸੇਵਾ ਕੇਂਦਰਾਂ ਰਾਹੀਂ ਕਰੋੜਾ ਰੁਪਏ ਕਮਾ ਰਹੀ ਹੈ। ਜਦੋਂ ਕਿ ਮੁਲਾਜ਼ਮਾਂ ਨੂੰ ਬਣਦੀਆਂ ਤਨਖਾਹਾਂ ਦੀ ਅਦਾ ਨਹੀਂ ਕੀਤੀਆਂ ਜਾ ਰਹੀਆਂ। ਕੰਪਨੀ ਦਾ ਰਵੱਈਆ ਇਸ ਤੋਂ ਪਹਿਲਾਂ ਵੀ ਆਪਣੇ ਮੁਲਾਜ਼ਮਾਂ ਪ੍ਰਤੀ ਧੱਕੇਸ਼ਾਹੀ ਵਾਲਾ ਹੀ ਰਿਹਾ ਹੈ। ਸਰਕਾਰ ਵਲੋਂ ਸੇਵਾ ਕੇਂਦਰਾਂ ਦਾ ਕੰਮ ਕਿਸੇ ਹੋਰ ਕੰਪਨੀ ਨੂੰ ਦੇ ਦੇਣ ਕਾਰਨ ਉਕਤ ਕੰਪਨੀ ਮੁਲਾਜ਼ਮਾਂ ਦੀਆਂ ਤਨਖਾਹਾਂ ਹੜੱਪਣਾ ਚਾਹੁੰਦੀ ਹੈ ਕਿਉਂਕਿ ਕਰਾਰ ਖਤਮ ਹੋਣ ਉਪਰੰਤ ਕੰਪਨੀ ਮੁਲਾਜ਼ਮਾਂ ਪ੍ਰਤੀ ਲਾਪ੍ਰਵਾਹ ਹੋ ਜਾਵੇਗੀ। ਉਨਾਂ੍ਹ ਚੇਤਾਵਨੀ ਦਿੱਤੀ ਕਿ ਜੇਕਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਦਾ ਨਾ ਕੀਤੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਅਰੰਭ ਦੇਣਗੇ। ਇਸ ਮੌਕੇ ਜਤਿੰਦਰ ਸਿੰਘ, ਅਨੂੰ ਕੁਮਾਰ, ਦਿਲਬਾਗ ਸਿੰਘ, ਗੌਰਵ ਠਾਕੁਰ, ਲਖਵਿੰਦਰ ਸਿੰਘ, ਸੁਨੀਲ ਕੁਮਾਰ, ਬਿਕਰਮ ਸਿੰਘ, ਚੰਦਰ ਵਿਕਰਾਂਤ ਸਿੰਘ, ਗੁਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।