ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਪੇਡ ਪਾਰਕਿੰਗਾਂ ਬਣਾਉਣ ਵਾਲੀ ਕੰਪਨੀ ਦਾ ਠੇਕਾ ਰੱਦ
ਪਾਰਕਿੰਗਾਂ ਨਾ ਬਣਾਉਣ ਅਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼
ਨਗਰ ਨਿਗਮ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਦਿਵੇਸ਼ ਮੋਦਗਿਲ ਦੀ ਅਗਵਾਈ 'ਚ ਸ਼ੁਰੂ ਹੋਈ। ਮੀਟਿੰਗ 'ਚ ਨਿਗਮ ਵਲੋਂ ਸ਼ਹਿਰ ਦੀਆਂ 25 ਸਮਾਰਟ ਪੇਡ ਪਾਰਕਿੰਗਾਂ ਦੇ ਰੇਟ ਦੁੱਗਣੇ-ਚੋਗੁਣੇ ਕੀਤੇ ਜਾਣ ਤੋਂ ਬਾਅਦ ਵੀ ਠੇਕਾ ਕੰਪਨੀ 'ਆਰੀਆ ਟੌਲ ਇਫ਼ਰਾ ਪ੍ਰਾ.ਲਿਮ. ਮੁੰਬਈ ਵਲੋਂ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਨੂੰ ਸਮਝੌਤੇ ਰਾਹੀਂ ਸ਼ਰਤਾਂ ਪੂਰੀਆਂ ਨਾ ਕਰਨ ਅਤੇ ਸ਼ਹਿਰ ਵਾਸੀਆਂ ਵਲੋਂ ਕੀਤੇ ਜਾ ਰਹੇ ਭਾਰੀ ਵਿਰੋਧ ਦਾ ਮਾਮਲਾ ਨਗਰ ਨਿਗਮ ਦੀ ਮੀਟਿੰਗ ਵਿਚ ਸਾਰਾ ਦਿਨ ਗੂੰਜਦਾ ਰਿਹਾ। ਇਸ ਮੁੱਦੇ 'ਤੇ ਚਰਚਾ ਕਰਦਿਆਂ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਵਲੋਂ ਵਧੇ ਹੋਏ ਰੇਟ ਤੁਰਤ ਵਾਪਸ ਲੈਣ ਦੀ ਜ਼ੋਰਦਾਰ ਮੰਗ ਉਠਾਏ ਜਾਣ ਤੋਂ ਬਾਅਦ ਮੇਅਰ ਦਿਵੇਸ਼ ਮੋਦਗਿਲ ਨੇ ਨਿਗਮ ਦੇ ਐਗਜ਼ੈਕਟਿਵ ਅਧਿਕਾਰੀ ਅਤੇ ਕਮਿਸ਼ਨਰ ਜਤਿੰਦਰ ਯਾਦਵ ਨੂੰ ਕੰਪਨੀ ਨੂੰ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ 'ਤੇ 10 ਦਿਨਾਂ ਦਾ ਨੋਟਿਸ ਭੇਜ ਕੇ ਕੰਪਨੀ ਨਾਲ ਸਮਝੌਤਾ ਰੱਦ ਕਰਨ, ਵਧੇ ਰੇਟ ਵਾਪਸ ਲੈਣ ਅਤੇ ਸਮੇਂ ਸਿਰ ਬਾਕੀ ਰਹਿੰਦੀ 2 ਕਰੋੜ 85 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਦਾ ਮਤਾ ਪਾਸ ਕਰਕੇ ਸੌਂਪ ਦਿਤੀ। ਇਸ ਮੌਕੇ ਭਾਰੀ ਖੱਪਖਾਨਾ ਵੀ ਪਿਆ।
ਇਸ ਸਬੰਧੀ ਨਿਗਮ 'ਚ ਉਚੇਚੇ ਤੌਰ 'ਤੇ ਹਾਊਸ ਦੀ ਕਾਰਵਾਈ ਵੇਖਣ ਆਏ ਸਾਬਕਾ ਭਾਜਪਾ ਐਮ.ਪੀ. ਅਤੇ ਸਾਲਿਸਟਸਰ ਜਨਰਲ ਆਫ਼ ਇੰਡੀਆ ਸੱਤਪਾਲ ਜੈਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਨਗਰ ਨਿਗਮ ਨੇ ਸ਼ਹਿਰ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਤੇ ਸਮਝੌਤੇ ਦੀਆਂ ਸ਼ਰਤਾਂ ਤੋਂ ਭੱਜਣ ਵਾਲੀ ਕੰਪਨੀ ਵਿਰੁਧ ਸਹੀ ਸਮੇਂ 'ਤੇ ਠੀਕ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਨਿਗਮ ਕਿਸੇ ਹੋਰ ਕੰਪਨੀ ਨਾਲ ਠੇਕਾ ਕਰ ਸਕਦੀ ਹੈ।ਦੂਜੇ ਪਾਸੇ ਸ਼ਹਿਰ ਦੀਆਂ ਪਾਰਕਿੰਗਾਂ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਪ੍ਰਬੰਧਕ ਅਨਿਲ ਬਦਲਾਨੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫ਼ੀਸ ਤਾਂ ਸਮੇਂ ਸਿਰ ਜਮ੍ਹਾਂ ਕਰਵਾ ਦੇਣਗੇ ਪਰੰਤੂ ਨਗਰ ਨਿਗਮ ਦੇ ਧੱਕੇ ਵਿਰੁਧ ਕੋਰਟ 'ਚ ਜਾਵੇਗਾ।