...ਜਦੋਂ ਇਕ ਚੰਗਿਆੜੀ ਨੇ ਦਰਜਨ ਤੋਂ ਵੱਧ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਕੀਤੀ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਦੀਆਂ ਚੰਗਿਆੜੀ ਕਾਰਨ ਲਗਾਤਾਰ ਸੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

Wheat in farm burnt in in Ferozepur

ਫ਼ਿਰੋਜ਼ਪੁਰ (ਬਲਬੀਰ ਸਿੰਘ ਜੋਸਨ) : ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਦੀਆਂ ਚੰਗਿਆੜੀ ਕਾਰਨ ਲਗਾਤਾਰ ਸੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਦੇ ਪਿੰਡ ਬੰਡਾਲਾ ਤੋਂ ਸਾਹਮਣੇ ਆਇਆ ਜਿਥੇ ਦਰਜਨ ਤੋਂ ਵੱਧ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਅੱਗ ਦੀ ਚੰਗਿਆੜੀ ਕਾਰਨ ਸੜ ਕੇ ਸੁਆਹ ਹੋ ਗਈ।

ਪਿੰਡ ਬੰਡਾਲਾ ਵਿਖੇ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਸੁੱਚਾ ਸਿੰਘ ਕਿਸਾਨਾਂ ਦੀ ਕਣਕ ਕਰੀਬ 25 ਏਕੜ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਵਲੋਂ ਆਪਣੇ ਟਰੈਕਟਰ ਨਾਲ ਅੱਗ 'ਤੇ ਕਾਬੂ ਪਾਇਆ ਗਿਆ, ਜਦੋਂ ਕਿ ਫਾਇਰ ਬ੍ਰਿਗੇਡ ਲੇਟ ਪਹੁੰਚੀ ਤਾਂ ਉਦੋਂ ਤੱਕ ਪਿੰਡ ਵਾਸੀਆਂ ਵਲੋਂ ਸ਼ਾਮ ਢਲਣ ਤੱਕ ਅੱਗ 'ਤੇ ਪਿੰਡ ਵਾਸੀਆਂ ਵਲੋਂ ਕਾਬੂ ਪਾ ਲਿਆ ਗਿਆ ਸੀ। 

ਇਸੇ ਤਰ੍ਹਾਂ ਹਰਸਹਾਏ ਦੇ ਪਿੰਡ ਤੇਲੀਆਂ ਵਾਲਾ ਦੇ ਕਿਸਾਨ ਗੁਰਬਚਨ ਸਿੰਘ ਦੇ ਖੇਤਾਂ ਵਿਚ ਕੰਬਾਈਨ ਕਣਕ ਦੀ ਕਟਾਈ ਕਰ ਰਹੀ ਸੀ ਤਾਂ ਕਿਸੇ ਕਾਰਨ ਕੰਬਾਈਨ ਦੇ ਅੰਦਰ ਅੱਗ ਦੀਆਂ ਚਿੰਗਾੜੀਆਂ ਨਿਕਲਣ ਨਾਲ ਕਣਕ ਨੂੰ ਅੱਗ ਲੱਗ ਗਈ।

 ਖੇਤਾਂ ਅੰਦਰ ਕੰਮ ਕਰਦੇ ਕਿਸਾਨਾਂ ਨੇ ਉੱਚੀ-ਉੱਚੀ ਰੌਲਾ ਪਾ ਕੇ ਪਿੰਡਾਂ ਦੇ ਗੁਰਦੁਆਰਿਆਂ ਵਿਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਬੁਲਾਇਆ ਅਤੇ ਦਰਜਨਾਂ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ। ਉਥੇ ਹੀ ਕਿਸਾਨ ਪੰਥਪ੍ਰੀਤ ਸਿੰਘ ਦੀ ਕਰੀਬ 25 ਏਕੜ, ਜੈ ਚੰਦ, ਰਾਜ ਸਿੰਘ ਤੇ ਪਾਲਾ ਸਿੰਘ ਦੀ 45 ਏਕੜ ਕਣਕ ਨੂੰ ਸੜਨ ਤੋਂ ਨਹੀਂ ਬਚਾ ਸਕੇ ।