ਬੀਬੀ ਖਾਲੜਾ ਲਈ ‘ਆਪ’ ਦੇ ਦਰਾਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ - ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ  ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਾਰਟੀ 'ਚ ਆਉਣ ਦੀ ਪੇਸ਼ਕਸ਼ ਕਰਨ ਦੀ ਖਬਰ ਸਾਹਮਣੇ ਆਈ ਹੈ।

Bibi Paramjit Kaur Khalra

ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ  ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਾਰਟੀ 'ਚ ਆਉਣ ਦੀ ਪੇਸ਼ਕਸ਼ ਕਰਨ ਦੀ ਖਬਰ ਸਾਹਮਣੇ ਆਈ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਲ਼ਈ ਬਣਾਈ ਪ੍ਰਚਾਰ ਕਮੇਟੀ ਦੇ ਇੰਚਾਰਜ ਅਮਨ ਅਰੋੜਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਪਣੀ ਪਾਰਟੀ ਵਿਚ ਆਉਣ ਦੀ ਪੇਸ਼ਕਸ਼ ਕੀਤੀ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਵਰਤੋਂ ਸਿਰਫ ਐਨਆਰਆਈਜ਼ ਤੋਂ ਫੰਡ ਲੈਣ ਲਈ ਕੀਤੀ ਜਾ ਰਹੀ ਹੈ।

ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ‘ਆਪ’ ਦੇ ਉਮੀਦਵਾਰ ਡਾ. ਰਵਜੋਤ ਸਿੰਘ ਦੇ ਹੱਕ ਵਿਚ ਵਰਕਰਾਂ ਨਾਲ ਬੈਠਕ ਕਰਨ ਪਹੁੰਚੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਬੀਬੀ ਖਾਲੜਾ ਵਰਗੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਬੀਬੀ ਖਾਲੜਾ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾਂ ਲਈ ਖੁੱਲੇ ਹਨ।

ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਟਕਸਾਲੀ ਅਕਾਲੀ ਦਲ ਵਾਂਗ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ 'ਆਪ' ਦਾ ਉਮੀਦਵਾਰ ਵਾਪਸ ਲੈਣ ਬਾਰੇ ਸਵਾਲ 'ਤੇ ਅਮਨ ਅਰੋੜਾ ਨੇ ਕਿਹਾ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜੀ ਅਤੇ ਕੁਰਬਾਨੀ ਦਿੱਤੀ ਅਤੇ ਸਾਡੀ ਪਾਰਟੀ ਵੀ ਉਹੋ ਜਿਹਾ ਨਿਜ਼ਾਮ ਸਥਾਪਿਤ ਕਰਨਾ ਚਾਹੁੰਦੀ ਹੈ, ਜਿੱਥੇ ਮਾਨਵੀ ਅਧਿਕਾਰ ਸੁਰੱਖਿਅਤ ਰਹਿਣ।

ਉਹਨਾਂ ਕਿਹਾ ਕੇ ਅਸੀਂ ਬੀਬੀ ਖਾਲੜਾ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਨਾਲ ਹੀ ਜੋ ਲੋਕ ਅੱਜ ਬੀਬੀ ਖਾਲੜਾ ਦਾ ਨਾਮ ਵਰਤ ਕੇ ਨਿੱਜੀ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਲੋਕ ਉਦੋਂ ਕਿਸ ਨਾਲ ਸਨ ਅਤੇ ਉਨ੍ਹਾਂ ਦੀ ਜ਼ਮੀਰ ਉਦੋਂ ਕਿਥੇ ਸੀ, ਜਦੋਂ ਸਰਦਾਰ ਖਾਲੜਾ ਨੂੰ ਚੁੱਕ ਕੇ ਮਾਰ ਮੁਕਾਇਆ ਸੀ।  ਅਰੋੜਾ ਕੋਲੋਂ ਇਕ ਸਵਾਲ ਪੁੱਜੇ ਜਾਣ ‘ਤੇ ਉਹਨਾਂ ਨੇ ਆਪਣੇ ਜਵਾਬ ਵਿਚ ਸੁਖਬੀਰ ਬਾਦਲ ਦੇ ਬਿਆਨ ਨਾਲ ਸਹਿਮਤੀ ਵੀ ਪ੍ਰਗਟਾਈ।

ਉਨ੍ਹਾਂ ਬਾਦਲ ਦੇ ਟਕਸਾਲੀਆਂ ਵੱਲੋਂ ਜਨਰਲ ਜੇਜੇ ਸਿੰਘ ਨੂੰ ਵਰਤਣ ਦੇ ਬਿਆਨ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਟਕਸਾਲੀਆਂ ਨੇ ਜੇਜੇ ਸਿੰਘ ਨੂੰ ਵਰਤਿਆ ਹੈ।ਉਨ੍ਹਾਂ ਬੀਜੇਪੀ ਵਿਚ ਸ਼ਾਮਲ ਹੋਏ ਆਪਣੀ ਪਾਰਟੀ ਦੀ ਟਿਕਟ 'ਤੇ ਚੋਣ ਜਿੱਤੇ ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ਮੌਕਾ ਪ੍ਰਸਤ ਦੱਸਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਪਾਰਟੀ ਵਿਚ ਆਏ ਹੀ ਅਨੰਦ ਮਾਣਨ ਵਾਸਤੇ ਸਨ ਤੇ ਅਜਿਹੇ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ।