ਮਹੇਸ਼ਇੰਦਰ ਗਰੇਵਾਲ ਨੇ ਲੋਕਾਂ ਨੂੰ ਮੌਸਮੀ ਪੰਛੀਆਂ ਵਿਰੁਧ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ

Maheshinder Singh Grewal

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਲੋਕਾਂ ਨੂੰ ਸਿਆਸੀ ਮੌਸਮੀ ਪੰਛੀਆਂ ਖਿਲਾਫ ਚਿਤਾਵਨੀ ਦੀ ਹੈ ਜਿਹੜੇ ਮੌਸਮ ਚ ਬਦਲਾਅ ਨਾਲ ਆਉਂਦੇ ਤੇ ਜਾਂਦੇ ਹਨ। ਜਗਰਾਓਂ ਵਿਧਾਨ ਸਭਾ ਹਲਕੇ ’ਚ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਰੇਵਾਲ ਨੇ ਕਿਹਾ ਕਿ ਸਿਸਟਮ ਚ ਕ੍ਰਾਂਤੀ ਲਿਆਉਣ ਤੇ ਬਦਲਾਅ ਕਰਨ ਦਾ ਵਾਅਦਾ ਕਰਨ ਵਾਲਿਆਂ ਨੇ ਉਸ ਦੀਆਂ ਧੱਜੀਆਂ ਉਡਾਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ, ਪਰ ਇਸ ਦੌਰਾਨ ਲੋਕਾਂ ਨੂੰ ਅਪਣਾ ਫ਼ੈਸਲਾ ਪੂਰੀ ਸਾਵਧਾਨੀ ਨਾਲ ਲੈਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਵਿਧਾਇਕ ਐੱਸਆਰ ਕਲੇਰ, ਏਆਈਐਸਐਸਐਫ਼ ਦੇ ਗੁਰਚਰਨ ਸਿੰਘ ਗਰੇਵਾਲ, ਐਸਜੀਪੀਸੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਅਜ਼ਮਾਈ ਹੋਈ ਪਾਰਟੀ ਹੈ, ਜਿਸ ਨੇ ਹਮੇਸ਼ਾ ਤੋਂ ਪੰਜਾਬ ਹਿਤਾਂ ਨੂੰ ਪਹਿਲ ਦਿਤੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ 2017 ’ਚ ਲਏ ਗਏ ਤੁਹਾਡੇ ਫ਼ੈਸਲੇ ਦਾ ਸਨਮਾਨ ਤੇ ਉਸ ਨੂੰ ਸਵੀਕਾਰ ਕਰਦੇ ਹਾਂ, ਕਿਉਂਕਿ ਤੁਹਾਡੇ ਕੋਲ ਫ਼ੈਸਲਾ ਲੈਣ ਦਾ ਹਰ ਅਧਿਕਾਰ ਹੈ, ਪਰ ਹੁਣ ਤੁਸੀਂ ਆਸਾਨੀ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਸਮਝ ਸਕਦੇ ਹੋ ਕਿ ਉਹ ਫ਼ੈਸਲਾ ਕਿੰਨਾ ਉਚਿਤ ਸੀ। ਉਨ੍ਹਾਂ ਲੋਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਬੀਤੇ ਦੋ ਸਾਲਾਂ ਦੌਰਾਨ ਪੰਜਾਬ ਚ ਕਾਂਗਰਸ ਸਰਕਾਰ ਦੀ ਅਸਫਲਤਾ ਉਨ੍ਹਾਂ ਵੱਲੋਂ ਸਹੀ ਫੈਸਲਾ ਲੈਣ ਦਾ ਉਚਿਤ ਕਾਰਨ ਹੋਣਾ ਚਾਹੀਦਾ ਹੈ।

ਇਹ ਪੈਸਿਆਂ ਦੀ ਘਾਟ ਦਾ ਬਹਾਨਾ ਬਣਾ ਕੇ ਸਿਰਫ ਆਪਣੀ ਨਾਕਾਮਯਾਬੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਇੱਕ ਝੂਠ ਹੈ। ਉਨ੍ਹਾਂ ਨੇ ਅਕਾਲੀ-ਭਾਜਪਾ ਸ਼ਾਸਨ ਕਾਲ ਦੌਰਾਨ ਬਣੇ ਫੋਰ ਲੇਨ ਤੇ ਸਿਕਸ ਲੇਨ ਸਟੇਟ ਹਾਈਵੇਜ਼ ਤੇ ਹਰ ਜਗ੍ਹਾ ਪੁੱਲ ਬਣਾਉਣ ਵਰਗੇ ਵੱਖ-ਵੱਖ ਇਨਫਰਾਸਟਰੱਚਰ ਸਬੰਧੀ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਇਹ ਤੁਹਾਨੂੰ ਕਹਿੰਦੇ ਹਨ ਕਿ ਇਨ੍ਹਾਂ ਕੋਲ ਵਿਕਾਸ ਲਈ ਪੈਸੇ ਨਹੀਂ ਹਨ, ਪਰ ਇਨ੍ਹਾਂ ਤੋਂ ਪੁੱਛੋ ਕਿ ਜਦੋਂ ਅਸੀਂ ਸੂਬੇ ਦੀ ਕਮਾਨ ਛੱਡੀ ਸੀ,

ਤਾਂ ਉਸ ਵਕਤ ਵੱਡੇ ਪੱਧਰ ਤੇ ਕਈ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ ਤੇ ਅੱਜ ਵੀ ਓਹੀ ਸੂਬਾ, ਓਹੀ ਸਾਧਨ ਹਨ। ਗਰੇਵਾਲ ਲੋਕਾਂ ਨੂੰ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਤੋਂ ਇਹ ਪੁੱਛਣ ਦੀ ਅਪੀਲ ਕੀਤੀ ਕਿ ਕੀ ਉਹ ਬੀਤੇ ਪੰਜ ਸਾਲਾਂ ਦੌਰਾਨ ਉਨ੍ਹਾਂ ਕੋਲ ਆਏ ਹਨ ਜਾਂ ਕਿ ਉਨ੍ਹਾਂ ਕਦੇ ਆਮ ਵਿਅਕਤੀ ਨਾਲ ਫੋਨ ਤੇ ਗੱਲ ਵੀ ਕੀਤੀ ਹੈ? ਉਨ੍ਹਾਂ ਕਿਹਾ ਕਿ ਉਹ ਤੁਹਾਨੂੰ ਗਰੰਟੀ ਦਿੰਦੇ ਹਨ ਕਿ ਇਹ ਆਪਣੇ ਵਰਕਰਾਂ ਦੇ ਫੋਨ ਵੀ ਨਹੀਂ ਚੁੱਕਦੇ ਜਿਹੜੇ ਅਜਿਹੇ ਚ ਆਮ ਲੋਕਾਂ ਨਾਲ ਕੀ ਗੱਲ ਕਰਨਗੇ?