ਅਕਾਲੀ ਦਲ ਨੂੰ ਕਿਉਂ ਲੱਗ ਰਿਹੈ ਬਠਿੰਡੇ ਵਾਲਿਆਂ ਤੋਂ ਡਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪਰਿਵਾਰ ਨੂੰ ਦੋ ਸੀਟਾਂ ਤੋਂ ਹੀ ਵੱਡੀ ਉਮੀਦ ਹੈ

Sukhbir Badal And Harsimrat Kaur Badal

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਸਭ ਦੀਆਂ ਨਜ਼ਰਾਂ ਬਾਦਲਾਂ ਦਾ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਹਲਕੇ 'ਤੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜੇ ਤੱਕ ਇੱਥੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਸੱਤਾਧਿਰ ਕਾਂਗਰਸ ਵੀ ਆਪਣੇ ਪੱਤੇ ਖੋਲ੍ਹਣ ਲਈ ਤਿਆਰ ਨਹੀਂ। ਦਿਲਚਸਪ ਗੱਲ ਹੈ ਕਿ ਬਾਦਲ ਪਰਿਵਾਰ ਨੇ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਵਿੱਢਿਆ ਹੋਇਆ ਹੈ ਪਰ ਉਮੀਦਵਾਰ ਹਰਸਿਮਰਤ ਬਾਦਲ ਹੀ ਹੋਏਗੀ ਜਾਂ ਫਿਰ ਕੋਈ ਹੋਰ, ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਜਾ ਰਿਹਾ।

ਵਿਰੋਧੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪਾਰਟੀ ਦਾ ਉਮੀਦਵਾਰ ਐਲਾਨੇ ਬਿਨਾਂ ਹੀ ਚੋਣ ਰੈਲੀਆਂ ਕਰ ਰਹੇ ਹਨ। ਅਜਿਹਾ ਕਰਕੇ ਸ਼ਾਇਦ ਉਹ ਲੋਕਾਂ ਨੂੰ ਭਾਂਪਣ ਲੱਗੇ ਹੋਏ ਹਨ। ਬਾਦਲ ਪਰਿਵਾਰ ਵੇਖ ਰਿਹਾ ਹੈ ਕਿ ਲੋਕ ਕਿੰਨਾ ਹੁੰਗਾਰਾ ਦਿੰਦੇ ਹਨ। ਉਸ ਹਿਸਾਬ ਨਾਲ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਕਰਕੇ ਹੀ ਫਿਰੋਜ਼ਪੁਰ ਸੀਟ ਵੀ ਬਾਦਲ ਪਰਿਵਾਰ ਲਈ ਖਾਲੀ ਛੱਡੀ ਗਈ ਹੈ।

ਹੁਣ ਬਾਦਲ ਪਰਿਵਾਰ ਹਾਲਾਤ ਮੁਤਾਬਕ ਹੀ ਫੈਸਲਾ ਲਵੇਗਾ ਕਿ ਦੋਵੇਂ ਸੀਟਾਂ ਤੋਂ ਚੋਣ ਲੜਨੀ ਹੈ ਜਾਂ ਫਿਰ ਹਰਸਿਮਰਤ ਬਾਦਲ ਨੂੰ ਫਿਰੋਜ਼ਪੁਰ ਭੇਜ ਕੇ ਬਠਿੰਡਾ ਤੋਂ ਕੋਈ ਹੋਰ ਉਮੀਦਵਾਰ ਅੱਗੇ ਲਿਆਉਣਾ ਹੈ। ਇਹ ਵੀ ਚਰਚਾ ਹੈ ਕਿ ਬਾਦਲ ਪਰਿਵਾਰ ਨੂੰ ਇਹ ਦੋ ਸੀਟਾਂ ਤੋਂ ਹੀ ਵੱਡੀ ਉਮੀਦ ਹੈ। ਚਰਚਾ ਹੈ ਕਿ ਦੋਵਾਂ ਸੀਟਾਂ ਤੋਂ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਵੀ ਚੋਣ ਲੜ ਸਕਦੇ ਹਨ।

ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਤੋਂ ਬਾਅਦ ਤਾਂ ਅਕਸਰ ਸਿਆਸੀ ਧਿਰਾਂ ਦੇ ਲੀਡਰ ਰੈਲੀਆਂ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਜਾਂਦੇ ਹਨ ਪਰ ਲਗਾਤਾਰ 10 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਵਿਧਾਨ ਸਭਾ ਵਿਚ ਮਿਲੀ ਕਰਾਰੀ ਹਾਰ ਮਗਰੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨੇ ਤੋਂ ਬਿਨਾਂ ਹੀ ਵਰਕਰਾਂ ਦੀ ਨਬਜ਼ ਟੋਹਣ ਲੱਗਾ ਹੈ। ਅਕਾਲੀ ਪ੍ਰਧਾਨ ਹੁਣ ਵਰਕਰਾਂ ਨੂੰ ਤਕੜੇ ਰਹਿਣ ਦਾ ਸੱਦਾ ਦੇ ਰਹੇ ਹਨ, ਪਰ ਉਮੀਦਵਾਰ ਐਲਾਨਣ ਵਿਚ ਨਾ ਨੁੱਕਰ ਵਿਖਾਉਣ ਲੱਗੇ ਹਨ।