ਪੰਚਕੂਲਾ ਦੇ ਇਕ ਪਰਵਾਰ ਦੇ 9 ਵਿਅਕਤੀ ਕੋਰੋਨਾ ਪਾਜ਼ੇਟਿਵ
ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ 14 ਹੋਈ
ਪੰਚਕੂਲਾ, 16 ਅਪ੍ਰੈਲ (ਪੀ.ਪੀ. ਵਰਮਾ) : ਪੰਚਕੂਲਾ ਦੇ ਸੈਕਟਰ-15 ਵਿਚ ਇਕੋ ਪਰਵਾਰ ਦੇ 9 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਹੋ ਗਿਆ। ਇਹ ਵੱਡਾ ਪਰਵਾਰ ਦੋ ਘਰਾਂ ਵਿਚ ਰਹਿੰਦਾ ਹੈ। ਸੱਭ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਮਰੀਜ਼ ਸੋਨੀਆ ਮਹਾਜਨ ਹਸਪਤਾਲ ਵਿਚ ਦਾਖ਼ਲ ਹੋਈ ਅਤੇ ਫੇਰ ਉਸ ਦਾ ਪਤੀ ਕੋਰੋਨਾ ਪਾਜ਼ੇਟਿਵ ਆਇਆ। ਹੁਣ ਇਸ ਪਰਿਵਾਰ ਦੇ 9 ਮੈਂਬਰ ਕੋਰੋਨਾ ਪਾਜ਼ੇਟਿਵ ਆਏ ਹਨ। ਪੰਚਕੂਲਾ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 14 ਹੋ ਗਈ ਹੈ। ਕੋਰੋਨਾ ਪਾਜ਼ੇਟਿਵਾਂ ਵਿਚ ਇਸ ਪਰਵਾਰ ਦੇ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਪੰਚਕੂਲਾ ਮੁਕੇਸ਼ ਕੁਮਾਰ ਅਹੂਜਾ ਅਤੇ ਸਿਵਲ ਸਰਜਨ ਡਾ. ਜਸਜੀਤ ਕੌਰ ਅਨੁਸਾਰ ਇਸ ਪਰਵਾਰ ਨਾਲ ਸੰਬਧਤ ਹਾਲੇ 24 ਲੋਕਾਂ ਦੇ ਨਮੂਨੇ ਲਏ ਹਨ। ਸੈਕਟਰ-15 ਨੂੰ ਕਨਟੇਨਮੈਂਟ ਕਲਸਟਰ ਏਰੀਆ ਐਲਾਨਿਆ ਗਿਆ ਹੈ। ਡਿਪਟੀ ਕਮਿਸ਼ਨਰ ਅਹੂਜਾ ਅਨੁਸਾਰ ਕੋਰੋਨਾ ਪੀੜਤ ਔਰਤ ਬੀਮਾਰੀ ਦੌਰਾਨ ਪਠਾਨਕੋਟ ਦੇ ਇਕ ਪਿੰਡ ਵਿਚ ਵੀ ਗਈ ਸੀ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਪਰਵਾਰ ਨਾਲ ਸਬੰਧਤ ਜਿੰਨੇ ਵੀ ਲੋਕੀ ਸੰਪਰਕ ਵਿਚ ਆਏ ਉਨ੍ਹਾਂ ਦੀ ਵੀ ਮੈਡੀਕਲ ਜਾਂਚ ਹੋ ਰਹੀ ਹੈ। ਸੈਕਟਰ-15 ਨੂੰ ਪੂਰੀ ਤਰ੍ਹਾਂ ਸ਼ੀਲ ਕਰ ਕੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਕਿਸੇ ਵੀ ਰੇਹੜੀ-ਫੜ੍ਹੀ ਵਾਲੇ ਨੂੰ ਜਾ ਕਿਸੇ ਆਮ ਵਿਅਕਤੀ ਨੂੰ ਇਸ ਸੈਕਟਰ ਵਿਚ ਜਾਣ ਨਹੀਂ ਦਿਤਾ ਜਾ ਰਿਹਾ। ਇਹ ਸੈਕਟਰ-15 ਪੰਚਕੂਲਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲਈ ਇਕ ਚੁਨੌਤੀ ਬਣ ਗਿਆ ਹੈ। ਇਥੋਂ ਤਕ ਕਿ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਸੈਕਟਰ-11 ਦੇ ਨਿਜੀ ਨਾਗਪਾਲ ਹਸਪਤਾਲ ਤੋਂ ਇਹ ਔਰਤ ਇਲਾਜ ਕਰਵਾ ਰਹੀ ਸੀ, ਉਸ ਦੇ ਮੁੱਖ ਡਾਕਟਰ ਅਤੇ ਉਸ ਦੇ ਬੱਚੇ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ ਅਤੇ ਉਨ੍ਹਾਂ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਟੀਮ ਡਾਕਟਰ ਤੇ ਨਾਗਪਾਲ ਹਸਪਤਾਲ ਤੇ ਪੂਰਾ ਧਿਆਨ ਰੱਖੀ ਬੈਠੀ ਹੈ।
ਚੰਡੀਗੜ੍ਹ ਤੇ ਮੁਹਾਲੀ ਨੂੰ ਹਾਟਸਪਾਟ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਦੇ ਲੋਕਾਂ ਨੂੰ ਵੀ ਘਬਰਾਹਟ ਹੋ ਗਈ ਹੈ ਕਿਉਂਕਿ ਪੰਚਕੂਲਾ ਵਿਚ ਵੀ 14 ਕੋਰਨਾ ਪਾਜੀਟਿਵ ਮਾਮਲੇ ਆ ਚੁੱਕੇ ਹਨ। ਪੰਚਕੂਲਾ ਦੇ ਸੈਕਟਰ-6 ਸਥਿਤ ਸਿਹਤ ਵਿਭਾਗ ਦੇ ਹੈੱਡਕੁਆਟਰ ਅਨੁਸਾਰ ਸਥਿਤੀ ਭਾਵੇਂ ਕੰਟਰੋਲ ਵਿੱਚ ਹੈ ਪਰੰਤੂ ਅੱਜ ਤੱਕ ਹਰਿਆਣਾ ਭਰ ਵਿੱਚ ਕੋਰਨਾ ਪਾਜੀਟਿਵ 213 ਕੇਸ਼ ਹਨ ਜਦਕਿ 63 ਕੋਰੋਨਾ 'ਤੇ ਜਿੱਤ ਹਾਸਲ ਕਰਨ ਵਾਲਿਆਂ ਨੂੰ ਛੁੱਟੀ ਦਿਤੀ ਜਾ ਚੁਕੀ ਹੈ।