ਸੂਬੇ ਵਿਚ ਕੁਲ ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਗਿਣਤੀ 198 ਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਪੀੜਤਾਂ ਦੀਆਂ ਮੌਤਾਂ

Photo

ਚੰਡੀਗੜ੍ਹ, 16 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਘਟ ਦਿਖਾਈ ਨਹੀਂ ਦੇ ਰਿਹਾ। ਜ਼ਿਲ੍ਹਾ ਗੁਰਦਾਸਪੁਰ ਦੇ ਇਕ ਕੋਰੋਨਾ ਪੀੜਤ ਮਰੀਜ਼ ਦੀ ਅੱਜ ਮੌਤ ਹੋਣ ਤੋਂ ਬਾਅਦ ਹੁਣ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ 200 ਦੇ ਨੇੜੇ ਪਹੁੰਚ ਚੁੱਕੀ ਹੈ।  ਪੰਜਾਬ ਵਿਚ 24 ਘੰਟਿਆਂ ਦੌਰਾਨ 12 ਨਵੇਂ ਪਾਜ਼ੇਟਿਵ ਕੇਸਾਂ ਦੀ ਸਰਕਾਰੀ ਤੌਰ 'ਤੇ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਜਲੰਧਰ ਤੋਂ 6, ਪਟਿਆਲਾ ਤੋਂ 3, ਪਠਾਨਕੋਟ ਤੋਂ 2 ਅਤੇ ਲੁਧਿਆਣਾ ਤੋਂ 1 ਨਵਾਂ ਪਾਜ਼ੇਟਿਵ ਕੇਸ ਅੱਜ ਸ਼ਾਮ ਤਕ ਸਾਹਮਣੇ ਆਏ ਹਨ। ਪਾਜ਼ੇਟਿਵ ਕੇਸਾਂ ਦੀ ਗਿਣਤੀ ਹੁਣ 198 ਹੋ ਗਈ ਹੈ। ਇਸ ਦੇ ਨਾਲ ਹੀ 600 ਸ਼ੱਕੀ ਕੇਸਾਂ ਦੀਆਂ ਰਿਪੋਰਟਾਂ ਹਾਲੇ ਆਉਣੀਆਂ ਬਾਕੀ ਹਨ। ਹੁਣ ਤਕ 29 ਮਰੀਜ਼ ਇਲਾਜ ਨਾਲ ਠੀਕ ਵੀ ਹੋ ਚੁਕੇ ਹਨ। ਪਾਜ਼ੇਟਿਵ ਕੇਸਾਂ 'ਚੋਂ ਇਸ ਸਮੇਂ 2 ਮਰੀਜ਼ ਵੈਂਟੀਲੇਟਰ ਉਪਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਅਤੇ 3 ਦੇ ਆਕਸੀਜਨ ਲੱਗੀ ਹੋਈ ਹੈ।

ਜਲੰਧਰ 'ਚ ਦੋ ਹੋਰ ਕੋਰੋਨਾ ਪਾਜ਼ੇਟਿਵ
ਜਲੰਧਰ, 16 ਅਪ੍ਰੈਲ (ਵਰਿੰਦਰ ਸ਼ਰਮਾ, ਲਖਵਿੰਦਰ ਸਿੰਘ ਲੱਕੀ) : ਕੋਰੋਨਾ ਦੇ ਮਾਮਲੇ ਜਲੰਧਰ ਸ਼ਹਿਰ ਵਿਚ ਵੀ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਕਿਲਾ ਮੁਹੱਲਾ ਦੇ 40 ਸਾਲਾ ਸੁਰਜੀਤ ਕਪੂਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ਦੀ ਇਕ ਰਿਪੋਰਟ ਵਿਚ, ਜਲੰਧਰ ਜ਼ਿਲ੍ਹੇ ਵਿਚ ਦੋ ਵਿਅਕਤੀਆਂ ਦੇ ਨਮੂਨੇ ਪਾਜ਼ੇਟਿਵ ਆਏ ਸਨ। ਇਨ੍ਹਾਂ ਵਿਚੋਂ ਇਕ ਸ਼ਾਹਕੋਟ ਦਾ 56 ਸਾਲ ਦਾ ਵਿਅਕਤੀ ਮਲਕੀਤ ਸਿੰਘ ਹੈ ਅਤੇ ਦੂਜਾ ਕਿਲਾ ਮੁਹੱਲੇ ਦਾ 40 ਸਾਲ ਦਾ ਵਿਅਕਤੀ ਸੁਰਜੀਤ ਕਪੂਰ ਹੈ। ਸੁਰਜੀਤ ਕਪੂਰ ਕਾਂਗਰਸ ਨੇਤਾ ਦੀਪਕ ਸ਼ਰਮਾ ਦੇ ਸੰਪਰਕ ਵਿਚ ਆਏ ਸਨ।

ਜਦਕਿ ਮਲਕੀਤ ਸਿੰਘ ਦੀ ਪਤਨੀ ਕੁਲਜੀਤ ਕੌਰ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਹੁਣ ਤਕ ਜ਼ਿਲ੍ਹੇ ਵਿਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 27 ਹੋ ਗਈ ਹੈ। ਪੰਜਾਬ ਵਿਚ ਜ਼ਿਆਦਾਤਰ ਕੇਸ ਉਨ੍ਹਾਂ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ। ਜੇ ਉਹ ਲੋਕ ਖ਼ੁਦ ਸਾਹਮਣੇ ਨਹੀਂ ਆਉਂਦੇ ਜੋ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਨੌਤੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਖ਼ੁਦ ਸਾਹਮਣੇ ਆਉਣ ਅਤੇ ਅਪਣੇ ਟੈਸਟ ਕਰਵਾਉਣ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਡਾਕਟਰੀ ਸਹਾਇਤਾ ਬਾਰੇ ਸਲਾਹ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 16 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਤਾਲਾਬੰਦੀ ਦੌਰਾਨ ਮੈਡੀਕਲ ਅਤੇ ਤਣਾਅ ਨਾਲ ਜੁੜੇ ਹੋਰ ਮੁੱਦਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਵਾਸਤੇ ਪੰਜਾਬ ਸਰਕਾਰ ਨੇ ਨਾਗਰਿਕਾਂ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 18001804104 ਸ਼ੁਰੂ ਕੀਤਾ ਹੈ, ਜਿਸ ਨਾਲ ਲੋਕ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜ ਕੇ ਕੋਵਿਡ-19 ਅਤੇ ਇਸ ਨਾਲ ਸਬੰਧਤ ਹੋਰ ਪਰੇਸ਼ਾਨੀਆਂ ਲਈ ਮੈਡੀਕਲ ਸਲਾਹ ਲੈ ਸਕਦੇ ਹਨ।

ਇਸ ਸਬੰਧੀ ਰਾਜ ਦੀ ਕੋਵਿਡ ਕੰਟਰੋਲ ਰੂਮ ਟੀਮ ਦੇ ਮੈਂਬਰ ਰਵੀ ਭਗਤ ਨੇ ਦਸਿਆ ਕਿ ਤਾਲਾਬੰਦੀ ਦੇ ਮੱਦੇਨਜ਼ਰ ਤਣਾਅ ਨਾਲ ਜੁੜੇ ਮੁੱਦਿਆਂ ਸਬੰਧੀ ਸਲਾਹ ਲਈ ਮਾਹਰ ਡਾਕਟਰਾਂ ਦੇ ਇਕ ਪੈਨਲ ਨੂੰ ਇਸ ਪਲੇਟਫਾਰਮ, ਇਸ ਦੇ ਪ੍ਰੋਟੋਕੋਲ ਅਤੇ ਕਾਰਜਕ੍ਰਮ ਸਬੰਧੀ ਪੂਰੀ ਤਰ੍ਹਾਂ ਸਿਖਲਾਈ ਦਿਤੀ ਗਈ ਹੈ। ਇਸ ਹੈਲਪਲਾਈਨ ਦਾ ਸੰਕਲਪ, ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤ ਨਿਵਾਰਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬ ਸਰਕਾਰ ਦੇ ਰਾਜ ਕੌਵਿਡ 19 ਕੰਟਰੋਲ ਰੂਮ (ਐਸ.ਸੀ.ਸੀ.ਆਰ.) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪੰਜਾਬ ਰਾਜ ਸ਼ਾਖਾ ਵੱਲੋਂ ਮਿਲ ਕੇ ਸਾਕਾਰ ਰੂਪ ਦਿਤਾ ਜਾ ਰਿਹਾ ਹੈ। ਇਸ ਵਿਸ਼ੇਸ਼ਤਾ ਨੂੰ ਐਂਡਰੌਇਡ ਪਲੇਅਸਟੋਰ ਅਤੇ ਆਈਓਐਸ ਐਪਸਟੋਰ ਉਤੇ ਉਪਲਬਧ ਕੋਵਾ ਪੰਜਾਬ ਮੋਬਾਇਲ ਐਪਲੀਕੇਸ਼ਨ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।