ਕੋਰੋਨਾ ਵਾਇਰਸ ਸੰਕਟ ਦਾ ਪੱਕਾ ਹੱਲ ਨਹੀਂ ਤਾਲਾਬੰਦੀ : ਰਾਹੁਲ
ਵੱਡੇ ਪੱਧਰ 'ਤੇ ਟੈਸਟਾਂ ਅਤੇ ਇਕਜੁਟ ਹੋ ਕੇ ਲੜਨ ਦੀ ਲੋੜ
ਨਵੀਂ ਦਿੱਲੀ, 16 ਅਪ੍ਰੈਲ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਤਾਲਾਬੰਦੀ ਨਾਲ ਕੋਰੋਨਾ ਵਾਇਰਸ ਦਾ ਪੱਕਾ ਹੱਲ ਨਹੀਂ ਹੋਵੇਗਾ ਸਗੋਂ ਵੱਡੇ ਪੱਧਰ 'ਤੇ ਅਤੇ ਰਣਨੀਤਕ ਰੂਪ ਵਿਚ ਜਾਂਚ ਅਤੇ ਪੂਰੇ ਦੇਸ਼ ਦੇ ਇਕਜੁਟ ਹੋ ਕੇ ਲੜਨ ਨਾਲ ਹੀ ਇਸ ਮਹਾਮਾਰੀ ਨੂੰ ਭਾਂਜ ਦਿਤੀ ਜਾ ਸਕਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਿਹਾ ਕਿ ਰਾਜਾਂ ਅਤੇ ਜ਼ਿਲ੍ਹਿਆਂ ਨੂੰ ਮਜ਼ਬੂਤ ਬਣਾਉਂਦਿਆਂ ਲੋੜੀਂਦੇ ਸਾਧਨ ਮੁਹਈਆ ਕਰਾਏ ਜਾਣ ਅਤੇ 'ਨਿਆਏ' ਯੋਜਨਾ ਦੀ ਤਰਜ਼ 'ਤੇ ਲੋਕਾਂ ਦੀ ਮਦਦ ਕੀਤੀ ਜਾਵੇ।
ਗਾਂਧੀ ਨੇ ਵੀਡੀਉ ਲਿੰਕ ਜ਼ਰੀਏ ਪੱਤਰਕਾਰਾਂ ਨੂੰ ਕਿਹਾ ਕਿ ਕੋਰੋਨਾ ਵਿਰੁਧ ਹੁਣੇ ਤੋਂ ਜਿੱਤ ਦਾ ਐਲਾਨ ਕਰਨਾ ਨੁਕਸਾਨਦੇਹ ਹੋ ਸਕਦਾ ਹੈ ਕਿਉਂਕਿ ਇਹ ਲੰਮੀ ਲੜਾਈ ਹੈ। ਉਨ੍ਹਾਂ ਕਿਹਾ, 'ਮੈਂ ਆਲੋਚਨਾ ਲਈ ਨਹੀਂ, ਰਚਨਾਤਮਕ ਤਾਲਮੇਲ ਲਈ ਟਿਪਣੀ ਕਰ ਰਿਹਾ ਹਾਂ। ਸਾਰੀਆਂ ਰਾਜਸੀ ਪਾਰਟੀਆਂ ਅਤੇ ਲੋਕਾਂ ਨੂੰ ਇਸ ਸੰਕਟ ਦਾ ਮਿਲ ਕੇ ਮੁਕਾਬਲਾ ਕਰਨਾ ਪਵੇਗਾ।' ਗਾਂਧੀ ਨੇ ਕਿਹਾ, 'ਇਹ ਸਮਝਣਾ ਪਵੇਗਾ ਕਿ ਲਾਕਡਾਊਨ ਇਕ ਪਾਜ਼ ਜਾਂ ਵਕਤੀ ਰੋਕ ਬਟਨ ਵਾਂਗ ਹੈ, ਇਹ ਕਿਸੇ ਵੀ ਤਰ੍ਹਾਂ ਕੋਰੋਨਾ ਵਾਇਰਸ ਦਾ ਪੱਕਾ ਹੱਲ ਨਹੀਂ। ਜਦ ਅਸੀਂ ਤਾਲਾਬੰਦੀ ਵਿਚੋਂ ਬਾਹਰ ਆਵਾਂਗੇ ਤਾਂ ਵਾਇਰਸ ਫਿਰ ਸਕਦਾ ਹੈ। ਇਸ ਲਈ ਜਾਂਚ 'ਤੇ ਜ਼ੋਰ ਦੇਣਾ ਪਵੇਗਾ ਅਤੇ ਇਹ ਕੰਮ ਰਣਨੀਤੀਕ ਰੂਪ ਵਿਚ ਕਰਨਾ ਪਵੇਗਾ।' ਉਨ੍ਹਾਂ ਕਿਹਾ ਕਿ ਵਾਇਰਸ ਵਿਰੁਧ ਸੱਭ ਤੋਂ ਵੱਡਾ ਹਥਿਆਰ ਜਾਂਚ ਹੈ। ਜਾਂਚ ਕਰਨ ਨਾਲ ਪਤਾ ਲੱਗ ਸਕਦਾ ਹੈ ਕਿ ਵਾਇਰਸ ਕਿਥੇ ਘੁੰਮ ਰਿਹਾ ਹੈ ਅਤੇ ਉਸ ਨਾਲ ਲੜਿਆ ਜਾ ਸਕਦਾ ਹੈ।
ਗਾਂਧੀ ਨੇ ਕਿਹਾ, 'ਸਾਡੇ ਦੇਸ਼ ਵਿਚ ਪ੍ਰਤੀ 10 ਲੱਖ ਆਬਾਦੀ ਪਿੱਛੇ ਸਿਰਫ਼ 199 ਟੈਸਟ ਹੋਏ ਹਨ। ਇਹ ਕਾਫ਼ੀ ਨਹੀਂ।'
ਕੇਰਲਾ ਦੇ ਵਾਇਨਾਡ ਤੋਂ ਸੰਸਦ ਮੈਂਬਰ ਨੇ ਕਿਹਾ, 'ਵਾਇਨਾਡ ਵਿਚ ਸਫ਼ਲਤਾ ਜ਼ਿਲ੍ਹਾ ਪੱਧਰ ਦੀ ਮਸ਼ੀਨਰੀ ਸਦਕਾ ਮਿਲੀ ਹੈ। ਕੋਰੋਨਾ ਵਿਰੁਧ ਲੜਾਈ ਉਪਰੋਂ ਥੱਲੇ ਨਹੀਂ ਸਗੋਂ ਥਲਿਉਂ ਉਪਰ ਹੋਵੇ। ਪ੍ਰਧਾਨ ਮੰਤਰੀ ਰਾਜਾਂ ਨੂੰ ਮਜ਼ਬੂਤ ਬਣਾਉਣ।' ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਗਤੀ ਨਾਲ ਪੈਸਾ ਰਾਜਾਂ ਨੂੰ ਮਿਲਣਾ ਚਾਹੀਦਾ ਹੈ, ਉਹ ਕੰਮ ਨਹੀਂ ਹੋ ਰਿਹਾ। ਕੋਰੋਨਾ ਨਾਲ ਦੋ ਮੋਰਚਿਆਂ 'ਤੇ ਜੰਗ ਲੜਨੀ ਪਵੇਗੀ। ਇਹ ਹਨ ਮੈਡੀਕਲ ਅਤੇ ਆਰਥਕ।