ਕੋਰੋਨਾ ਸੰਕਟ ਦੇ ਚਲਦੇ ਪੰਜਾਬ 'ਚ ਫੁੱਲਾਂ ਦੀ ਖੇਤੀ ਨੂੰ ਵੀ ਪਈ ਡਾਹਢੀ ਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੁੱਲਾਂ ਦੀ ਤਿਆਰ ਫ਼ਸਲ ਨੂੰ ਖੇਤਾਂ 'ਚ ਹੀ ਵਾਹੁਣ ਲਈ ਮਜਬੂਰ ਹੋਏ ਫੁੱਲ ਉਗਾਉਣ ਵਾਲੇ

FLOWER

ਕਰਫ਼ੀਊ 'ਚ ਨਵਰਾਤਰੇ ਲੰਘਣ ਅਤੇ ਧਾਰਮਕ ਸਥਾਨ ਬੰਦ ਹੋਣ ਕਾਰਨ ਨਹੀਂ ਰਹੀ ਫੁੱਲਾਂ ਦੀ ਮੰਗ

ਚੰਡੀਗੜ੍ਹ, 17 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕੋਰੋਨਾ ਸੰਕਟ ਦੇ ਚਲਦੇ ਪੰਜਾਬ 'ਚ ਜਿਥੇ ਹੋਰ ਕਾਰੋਬਾਰਾਂ ਉਪਰ ਵੱਡਾ ਅਸਰ ਪੈ ਰਿਹਾ ਹੈ, ਉਥੇ ਰਾਜ 'ਚ ਇਸ ਸੰਕਟ 'ਚ ਫੁੱਲਾਂ ਦੀ ਖੇਤੀ ਉਪਰ ਵੀ ਡਾਢੀ ਮਾਰ ਪਈ ਹੈ। ਤਿਆਰ ਖੜੀ ਫੁੱਲਾਂ ਦੀ ਪੂਰੀ ਫ਼ਸਲ ਹੀ ਬਰਬਾਦ ਹੋ ਚੁੱਕੀ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਖ਼ਰ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਨਿਰਾਸ਼ ਹੋ ਕੇ ਖੇਤਾਂ 'ਚ ਖੜੀ ਅਪਣੀ ਫੁੱਲਾਂ ਦੀ ਫ਼ਸਲ ਨੂੰ ਵਾਹੁਣਾ ਸ਼ੁਰੂ ਕਰ ਦਿਤਾ ਹੈ।

FLOWER

ਜ਼ਿਕਰਯੋਗ ਹੈ ਕਿ ਰਾਜ 'ਚ ਅੰਮ੍ਰਿਤਸਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ, ਨਾਭਾ, ਸਮਾਣਾ, ਵਰਗੇ ਖੇਤਰਾਂ 'ਚ ਫੁੱਲਾਂ ਦੀ ਖੇਤੀ ਜ਼ਿਆਦਾ ਹੁੰਦੀ ਹੈ। ਫੁੱਲਾਂ ਦੀ ਖੇਤੀ 6 ਮਹੀਨਿਆਂ ਦੇ ਸਮੇਂ 'ਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਇਨ੍ਹਾਂ ਦੀ ਜ਼ਿਆਦਾ ਮੰਗ ਨਰਾਤਿਆਂ ਦੇ ਦਿਨਾਂ 'ਚ ਹੁੰਦੀ ਹੈ, ਜੋ ਕਰਫ਼ੀਊ ਦੇ ਚਲਦੇ ਸਖ਼ਤ ਪਾਬੰਦੀਆਂ 'ਚ ਲੰਘ ਚੁੱਕੇ ਹਨ। ਅੰਮ੍ਰਿਤਸਰ ਖੇਤ 'ਚ ਹੁੰਦੀ ਫੁੱਲਾਂ ਦੀ ਖੇਤੀ ਵੀ ਦਰਬਾਰ ਸਾਹਿਬ ਸਮੇਤ ਖੇਤਰ ਦੇ ਵੱਡੇ ਮਦਰਾਂ ਅਤੇ ਹੋਰ ਧਾਰਮਕ ਸਥਾਨਾਂ 'ਚ ਮੰਗ ਹੁੰਦੀ ਹੈ ਪਰ ਇਸ ਸਮੇਂ ਇਹ ਧਾਰਮਕ ਅਸਥਾਨ ਵੀ ਕਰਫ਼ੀਊ ਦੀਆਂ ਪਾਬੰਦੀਆਂ ਦੇ ਘੇਰੇ ਹੇਠ ਹਨ ਜਿਸ ਕਰ ਕੇ ਫੁੱਲਾਂ ਦੀ ਕੋਈ ਮੰਗ ਹੀ ਨਹੀਂ ਰਹੀ। ਵਿਆਹਾਂ ਸ਼ਾਦੀਆਂ 'ਚ ਵੀ ਫੁੱਲਾਂ ਦੀ ਮੰਗ ਹੁੰਦੀ ਹੈ ਪਰ ਇਹ ਪ੍ਰੋਗਰਾਮ ਵੀ ਕਰਫ਼ੀਊ ਦੀਆਂ ਰੋਕਾਂ ਕਾਰਨ ਰੁਕ ਗਏ ਹਨ, ਜਿਸ ਕਰ ਕੇ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਉਪਰ ਬਹੁਤ ਮਾਰੂ ਅਸਰ ਪਿਆ ਹੈ।

ਫੁੱਲਾਂ ਦੀ ਖੇਤੀ ਕਰਨ ਵਾਲੇ ਕਈ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਏਕੜ ਫੁੱਲਾਂ ਦੀ ਖੇਤੀ ਕਰਨ ਵਾਲੇ ਕਈ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਏਕੜ ਫੁੱਲਾਂ ਦੀ ਖੇਤੀ ਉਪਰ 40 ਤੋਂ 70 ਹਜ਼ਾਰ ਰੁਪਏ ਤਕ ਦਾ ਖ਼ਰਚਾ ਹੁੰਦਾ ਹੈ ਅਤੇ ਆਮਦਨ ਪ੍ਰਤੀ ਏਕੜ 2 ਲੱਖ ਰੁਪਏ ਤਕ ਵੀ ਹੋ ਜਾਂਦੀ ਹੈ ਪਰ ਇਸ ਸਮੇਂ ਕੋਰੋਨਾ ਸੰਕਟ ਦੇ ਚਲਦੇ ਸਾਰੀ ਖੇਤੀ ਉਜੜ ਗਈ ਹੈ ਅਤੇ ਫੁੱਲ ਮੁਰਝਾ ਚੁੱਕੇ ਹਨ, ਜਿਨ੍ਹਾਂ ਨੂੰ ਖੇਤਾਂ 'ਚ ਹੀ ਵਾਹੁਣ ਤੋਂ ਬਗ਼ੈਰ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ। ਫੁੱਲਾਂ ਦੀ ਖੇਤੀ ਕਰਨ ਵਾਲੇ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਰਕਾਰ ਦੀ ਸਲਾਹ ਮੁਤਾਬਕ ਹੀ ਕਣਕ ਅਤੇ ਝੋਨੇ ਦੇ ਬਦਲ ਵਜੋਂ ਰੰਗ ਬਰੰਗੇ ਫੁੱਲਾਂ ਦੀ ਖੇਤੀ ਫ਼ਸਲੀ ਵਿਭਿੰਨਤਾ ਤਹਿਤ ਕੀਤੀ ਸੀ, ਜਿਸ ਕਰ ਕੇ ਹੁਣ ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ। ਨੁਕਸਾਨ ਮੁਤਾਬਕ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ 'ਚ ਵੀ ਉਹ ਫੁੰਲਾਂ ਦੀ ਖੇਤੀ 'ਚ ਦਿਲਚਸਪੀ ਕਾਇਮ ਰੱਖ ਸਕਣ।