ਸਰਕਾਰ ਕਿਸਾਨਾਂ ਨੂੰ ਘਰ ਦੇਵੇ ਬਾਰਦਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਨੇਤਾਵਾਂ ਨੇ ਦਿਤਾ ਨਵਾਂ ਸੁਝਾਅ

File photo

ਚੰਡੀਗੜ੍ਹ, 16 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਕਿਸਾਨ ਸੰਘਰਸ਼ ਕੇਮਟੀ ਦੇ ਆਗੂਆਂ ਨੇ ਕਣਕ ਦੀ ਖ਼ਰੀਦ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਇਕ ਨਵਾਂ ਹੱਲ ਦਸਦਿਆਂ ਸੁਝਾਅ ਪੇਸ਼ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਘਰਾਂ ਵਿਚ ਹੀ ਕੁਝ ਹਫ਼ਤੇ ਫ਼ਸਲ ਸੰਭਾਲ ਕੇ ਰੱਖਣ ਲਈ ਸਰਕਾਰ ਕਿਸਾਨਾਂ ਨੂੰ ਬਾਰਦਾਨਾ ਆੜਤੀਆਂ ਰਾਹੀਂ ਮੁਹਈਆ ਕਰਵਾਏ।

ਸਰਕਾਰ ਨੂੰ ਭੇਜੇ ਮੰਗ ਪੱਤਰ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਆੜ੍ਹਤੀਏ ਅਪਣੀ ਲੇਬਰ ਰਾਹੀਂ ਮਿਥੇ ਵਜ਼ਨ ਰਾਹੀਂ ਬੋਰੀਆਂ ਵਿਚ ਭਰਵਾਉਣ, ਇੰਸਪੈਕਟਰ ਤੇ ਮੰਡੀ ਬੋਰਡ ਕਰਮਚਾਰੀ ਅਪਣੇ ਰਜਿਸ਼ਟਰ ਵਿਚ ਦਰਜ ਕਰ ਕੇ ਆੜ੍ਹਤੀਏ ਦੇ ਦਸਤਖ਼ਤ ਵਾਲੀ ਪਰਚੀ ਕਿਸਾਨ ਨੂੰ ਦਿਤੀ ਜਾਵੇ। ਕਾਨੂੰਨ ਮੁਤਾਬਕ 48 ਘੰਟੇ ਵਿਚ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਕੀਤੀ ਜਾਵੇ।

ਮੀਂਹ ਵਗ਼ੈਰਾ ਦੇ ਖ਼ਤਰੇ ਸਮੇਂ ਅਨਾਜ ਨੂੰ ਸੰਭਾਲਣ ਲਈ ਤਰਪਾਲਾਂ ਦਾ ਪ੍ਰਬੰਧ ਪਹਿਲਾ ਵਾਂਗ ਆੜ੍ਹਤੀਏ ਕਰਨ। ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਕੰਵਲਪ੍ਰੀਤ ਸਿੰਘ ਪੰਨੂੰ ਨੇ ਦਸਿਆ ਕਿ ਜਥੇਬੰਦੀਆਂ ਦੀ ਮੰਗ ਮੰਨਣ ਨਾਲ ਮਸਲੇ ਦਾ ਸਹੀ ਹੱਲ ਹੋ ਸਕਦਾ ਹੈ। ਪਰ ਸਰਕਾਰ ਨੇ ਭਾਵੇਂ 50 ਕੁਇੰਟਲ ਵਾਲੀ ਸ਼ਰਤ ਤਾਂ ਖ਼ਤਮ ਕੀਤੀ ਹੈ ਪਰ ਉਸ ਨਾਲ ਮਸਲੇ ਦਾ ਸਹੀ ਹੱਲ ਨਹੀਂ ਹੁੰਦਾ। ਇਕ ਕੂਪਨ 'ਤੇ ਇਕ ਟਰਾਲੀ ਕਣਕ ਦੀ ਹੀ ਖੁੱਲ੍ਹ ਦਿਤੀ ਗਈ ਹੈ।

ਕਿਸਾਨ ਹਰ ਟਰਾਲੀ ਲਈ ਵਾਰ-ਵਾਰ ਕੰਬਾਇਨ ਦਾ ਪ੍ਰਬੰਧ ਕਿਵੇਂ ਕਰੇਗਾ। ਕਿਸਾਨ ਨੂੰ ਜਦੋਂ ਵੀ ਕੰਬਾਇਨ ਮਿਲਦੀ ਹੈ ਤਾਂ ਉਹ ਸਾਰੀ ਕਣਕ ਵੱਢ ਕੇ ਮੰਡੀ ਵਿਚ ਲੈ ਆਉਂਦਾ ਹੈ। ਕਿਸਾਨ ਅਪਣੇ ਘਰ ਵਿਚ ਬਾਰਦਾਨੇ ਤੋਂ ਬਗ਼ੈਰ ਕਣਕ ਨੂੰ ਨਹੀਂ ਸੰਭਾਲ ਸਕਦਾ। ਪੰਜਾਬ ਸਰਕਾਰ ਅਪਣੀ ਨੀਤੀ ਵਿਚ ਤਬਦੀਲੀ ਲਿਆ ਕੇ ਇਕ ਕੂਪਨ ਤੇ ਕਿਸਾਨ ਨੂੰ ਅਪਣੀ ਸਾਰੀ ਕਣਕ ਵੇਚਣ ਦੀ ਖੁੱਲ੍ਹ ਦੇਵੇ।

ਬਹੁਤੀ ਕਣਕ ਵਾਲੇ ਕਿਸਾਨਾਂ ਦੀ ਗਿਣਤੀ ਮੰਡੀ ਵਿਚ ਘੱਟ ਕੀਤੀ ਜਾ ਸਕਦੀ ਹੈ ਪਰ ਕਣਕ ਦੀ ਮਾਤਰਾ ਘੱਟ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਖ਼ਰੀਦ ਦੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵਿਆ ਦੀ ਪੋਲ ਖੁੱਲ੍ਹ ਗਈ ਹੈ। ਪੇਂਡੂ ਮੰਡੀਆਂ ਵਿਚ ਅਜੇ ਸਾਫ਼ ਸਫ਼ਾਈ ਵੀ ਨਹੀਂ ਹੋਈ। ਬਾਰਦਾਨਾ ਵੀ ਨਹੀਂ ਆ ਰਿਹਾ। ਬਹੁਤੀਆਂ ਮੰਡੀਆਂ ਵਿਚ ਕੂਪਨ ਵੀ ਨਹੀਂ ਮਿਲ ਰਹੇ। ਦੂਜੇ ਪਾਸੇ ਜਿਹੜੇ ਕਿਸਾਨ ਰੀਪਰ ਲਾ ਕੇ ਤੂੜੀ ਬਣਾ ਰਹੇ ਹਨ, ਕਈ ਜ਼ਿਲ੍ਹਿਆਂ ਵਿਚ ਪੁਲਿਸ ਵਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ।