ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੱਟ ਲਾਉਣ ਬਜਾਏ ਇਕ ਤੋਂ ਵੱਧ ਪੈਨਸ਼ਨ ਵਾਲੀ ਸਕੀਮ ਬੰਦ ਕੀਤੀ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੱਟ ਲਾਉਣ ਬਜਾਏ ਇਕ ਤੋਂ ਵੱਧ ਪੈਨਸ਼ਨ ਵਾਲੀ ਸਕੀਮ ਬੰਦ ਕੀਤੀ ਜਾਵੇ : ਸੰਧਵਾਂ

ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੱਟ ਲਾਉਣ ਬਜਾਏ ਇਕ ਤੋਂ ਵੱਧ ਪੈਨਸ਼ਨ ਵਾਲੀ ਸਕੀਮ ਬੰਦ ਕੀਤੀ ਜਾਵੇ : ਸੰਧਵਾਂ

ਕੋਟਕਪੂਰਾ, 16 ਅਪ੍ਰੈਲ (ਗੁਰਿੰਦਰ ਸਿੰਘ): ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਹੈ ਕਿ ਜਦ ਕੋਰੋਨਾ ਵਾਇਰਸ ਕਰਕੇ ਸਮੁੱਚੇ ਵਰਲਡ 'ਚ ਆਰਥਿਕ ਮੰਦੀ ਦਾ ਖਤਰਾ ਮੰਡਰਾਉਂਦਾ ਨਜਰ ਆ ਰਿਹਾ ਹੈ ਤਾਂ ਸਮੂਹ ਰਾਜ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਸਰਕਾਰਾਂ ਆਪੋ-ਆਪਣੇ ਸੂਬਿਆਂ 'ਚ ਬੇਲੋੜੇ ਖਰਚਿਆਂ ਨੂੰ ਠੱਲ੍ਹ ਪਾ ਕੇ ਆਮ ਲੋਕਾਂ ਨੂੰ ਰਾਹਤ ਦੇਣ ਵਾਲੇ ਕਦਮ ਚੁੱਕਣ ਲਈ ਸੁਹਿਰਦ ਹੋਣ।


ਸ੍ਰ. ਸੰਧਵਾਂ ਨੇ ਪਿਛਲੀ ਬਾਦਲ ਵਜ਼ਾਰਤ 'ਚ ਵਿੱਤ ਮੰਤਰੀ ਰਹਿ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਦੇ ਉਸ ਬਿਆਨ ਨਾਲ ਅਸਹਿਮਤੀ ਪ੍ਰਗਟਾਈ, ਜਿਸ ਰਾਹੀਂ ਉਨ੍ਹਾਂ ਕਰਫ਼ਿਊ ਕਾਰਨ ਘਰ ਬੈਠੇ ਸਰਕਾਰੀ ਮੁਲਾਜਮਾਂ ਦੀ ਤਨਖਾਹ 'ਤੇ 30 ਫੀਸਦੀ ਕੱਟ ਲਾਉਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ 'ਕੋਰੋਨਾ ਵਾਇਰਸ' ਦੀ ਲੜਾਈ ਵਿੱਚ ਆਪਣੀ ਜਾਨ/ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਨੂੰ ਤਨਖਾਹ ਤੋਂ ਇਲਾਵਾ ਹੋਰ ਵਾਧੂ ਮਿਹਨਤਾਨਾ ਦਿੱਤਾ ਜਾਵੇ।


ਉਨ੍ਹਾਂ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਸਿਰਫ 10,300 ਰੁਪਏ 'ਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹਨ, ਉਨ੍ਹਾਂ ਦੀ ਜਗ੍ਹਾ ਜੋ ਕਈ ਮੌਜੂਦਾ/ਸਾਬਕਾ ਮੰਤਰੀ ਅਤੇ ਐਮ ਐਲ ਏ ਤਿੰਨ ਤੋਂ ਸੱਤ ਪੈਨਸ਼ਨਾਂ ਭੱਤਿਆਂ ਸਮੇਤ ਲੈ ਕੇ ਸਰਕਾਰੀ ਖਜ਼ਾਨੇ 'ਤੇ ਬੋਝ ਬਣੇ ਹੋਏ ਹਨ। ਉਨ੍ਹਾਂ ਦੀਆਂ ਵਾਧੂ ਪੈਨਸ਼ਨਾਂ 'ਤੇ ਕੱਟ ਲਾਉਣਾ ਚਾਹੀਦਾ ਹੈ, ਕਿਉਂਕਿ ਜੇਕਰ ਇੱਕ ਪੈਨਸ਼ਨ ਛੱਡ ਕੇ ਬਾਕੀ ਪੈਨਸ਼ਨਾਂ ਬੰਦ ਕੀਤੀਆਂ ਜਾਣ ਤਾਂ ਸੂਬਾ ਸਰਕਾਰ ਨੂੰ ਕਾਫੀ ਵਿੱਤੀ ਲਾਭ ਮਿਲੇਗਾ, ਜਿਸ ਸਦਕਾ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਜਾ ਸਕਦੀ ਹੈ।