ਜਲੰਧਰ ਐਲ.ਪੀ.ਯੂ 'ਚ ਹੁਣ ਵੀ ਹਨ 2400 ਵਿਦਿਆਰਥੀ!
ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਜਿਸ ਦੀ ਵਿਦਿਆਰਥਣ ਕੋਰੋਨਾ ਵਾਇਰਸ ਨਾਲ ਪੀੜਤ ਹੈ, ਮੌਜੂਦਾ ਸਮੇਂ ਵਿਚ ਵੀ 2400 ਵਿਦਿਆਰਥੀ ਮੌਜੂਦ ਹਨ।
ਜਲੰਧਰ, 16 ਅਪ੍ਰੈਲ (ਲਖਵਿੰਦਰ ਸਿੰਘ ਲੱਕੀ, ਵਰਿੰਦਰ ਸ਼ਰਮਾ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਜਿਸ ਦੀ ਵਿਦਿਆਰਥਣ ਕੋਰੋਨਾ ਵਾਇਰਸ ਨਾਲ ਪੀੜਤ ਹੈ, ਮੌਜੂਦਾ ਸਮੇਂ ਵਿਚ ਵੀ 2400 ਵਿਦਿਆਰਥੀ ਮੌਜੂਦ ਹਨ। ਜਿਨ੍ਹਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਉਨ੍ਹਾਂ ਦੀ ਦੇਖਭਾਲ ਅਤੇ ਸੁਰੱਖਿਆ ਦੀ ਹਰ ਤਰੀਕੇ ਨਾਲ ਖਿਆਲ ਰਖਿਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਕਪੂਰਥਲਾ ਦੀ ਡੀ.ਸੀ. ਦੀਪਤੀ ਉੱਪਲ ਨੇ ਕਰਦਿਆਂ ਦਸਿਆ ਕਿ ਅੱਜ ਯੂਨੀਵਰਸਟੀ ਪ੍ਰੀਸ਼ਦ 'ਚ ਸ਼ੱਕੀ ਪਾਏ ਜਾਣ 'ਤੇ ਕਰੀਬ 70 ਹੋਰ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਅੰਮ੍ਰਿਤਸਰ ਸਰਕਾਰੀ ਮੈਡੀਕਲ ਲੈਬ 'ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਯੂਨੀਵਰਸਟੀ 'ਚ ਮੌਜੂਦ ਵਿਦਿਆਰਥੀਆਂ, ਯੂਨੀਵਰਸਟੀ ਸਟਾਫ਼, ਕਰਮਚਾਰੀ ਆਦਿ ਜਿਨ੍ਹਾਂ ਦੀ ਕੁਲ ਗਿਣਤੀ 3277 ਦੇ ਕਰੀਬ ਦੱਸੀ ਜਾ ਰਹੀ ਹੈ, 'ਚੋਂ ਅਜੇ ਤਕ ਕੁਲ 750 ਦੇ ਕਰੀਬ ਲੋਕਾਂ ਦੀ ਮੈਡੀਕਲ ਸਕਰੀਨਿੰਗ ਕਰਵਾਈ ਜਾ ਚੁਕੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਰੇ 3277 ਲੋਕਾਂ ਦੇ ਸਿਹਤ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਜੋ ਵੀ ਸ਼ੱਕੀ ਹਾਲਤ 'ਚ ਪਾਇਆ ਜਾਵੇਗਾ, ਉਸ ਦਾ ਕੋਰੋਨਾ ਸਵੈਬ ਟੈਸਟ ਕੀਤਾ ਜਾਵੇਗਾ। ਡੀ.ਸੀ. ਉੱਪਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਟੈਸਟ ਕਰਨ ਵਾਲੀਆਂ ਕਿੱਟਾਂ ਜੱਲਦ ਹੀ ਆ ਰਹੀਆਂ ਹਨ। ਇਸ ਦੇ ਆਉਣ ਤੋਂ ਬਾਅਦ ਬਹੁਤ ਘੱਟ ਸਮੇਂ 'ਚ ਪੀੜਤ ਹੋਏ ਰੋਗੀ ਦਾ ਪਤਾ ਲੱਗ ਸਕੇਗਾ। ਜਿਵੇਂ ਕਿ ਕਲ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਇਸ ਔਖੀ ਘੜੀ ਵਿਚ ਜਿਥੇ ਦੇਸ਼ ਦੇ ਸਾਰੇ ਸਕੂਲ ਤੇ ਕਾਲਜ ਬੰਦ ਹਨ, ਉਥੇ ਸਿਰਫ਼ ਐਲ.ਪੀ.ਯੂ. ਹੀ ਕਿਉਂ ਖੁਲ੍ਹੀ ਹੈ? ਸਰਕਾਰ ਨੂੰ ਇਸ ਵਲ ਧਿਆਨ ਦੇਣਾ ਚਾਹੀਦਾ ਹੈ।