ਨਵੀਂ ਦਿੱਲੀ, 16 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਅਰਥਵਿਵਸਥਾ 'ਤੇ ਪੈਣ ਵਾਲੇ ਅਸਰ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਪ੍ਰਭਾਵਤ ਖੇਤਰਾਂ ਨੂੰ ਰਾਹਤ ਦੇਣ ਲਈ ਵਿੱਤੀ ਮਦਦ ਬਾਰੇ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਚਰਚਾ ਕੀਤੀ। ਮੋਦੀ ਨੇ ਵਿੱਤ ਨਾਲ ਅਜਿਹੇ ਸਮੇਂ ਗੱਲਬਾਤ ਕੀਤੀ ਹੈ ਜਦ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਨੇ ਛੋਟੇ ਉਦਯੋਗਾਂ ਤੋਂ ਲੇ ਕੇ ਹਵਾਬਾਜ਼ੀ ਖੇਤਰ ਦਾ ਬਹੁਤ ਨੁਕਸਾਨ ਕੀਤਾ ਹੈ।
ਇਸ ਬੀਮਾਰੀ ਦੀ ਰੋਕਥਾਮ ਲਈ ਟਰਾਂਸਪੋਰਟ ਵਾਹਨਾਂ ਅਤੇ ਦੂਜੇ ਕੰਮਾਂ 'ਤੇ ਰੋਕ ਨਾਲ ਲੱਖਾਂ ਨੌਕਰੀਆਂ ਜਾਣ ਦਾ ਖ਼ਦਸ਼ਾ ਹੈ। ਸੂਤਰਾਂ ਮੁਤਾਬਕ ਬੈਠਕ ਦੌਰਾਨ ਅਰਥਚਾਰੇ ਦੀ ਹਾਲਤ ਬਾਰੇ ਚਰਚਾ ਹੋਈ। ਭਵਿੱਖ ਦੀਆਂ ਚੁਨੌਤੀਆਂ ਨਾਲ ਸਿੱਝਣ ਲਈ ਫ਼ੰਡ ਇਕੱਠੇ ਕਰਨ ਬਾਰੇ ਵੀ ਗ਼ੌਰ ਕੀਤੀ ਗਈ। ਵਿਸ਼ਵ ਬੈਂਕ ਦੇ ਤਾਜ਼ਾ ਅਨੁਮਾਨ ਮੁਤਾਬਕ ਭਾਰਤ ਦੀ ਵਾਧਾ ਦਰ 2020 ਵਿਚ 1.5 ਤੋਂ 2.8 ਫ਼ੀ ਸਦੀ ਵਿਚਾਲੇ ਰਹਿ ਸਕਦੀ ਹੈ।
ਇਸੇ ਤਰ੍ਹਾਂ, ਆਈਐਮਐਫ਼ ਨੇ ਜੀਡੀਪੀ ਵਾਧਾ ਦਰ 1.9 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਮਹਾਮਾਰੀ ਅਤੇ ਇਸ ਦੀ ਰੋਕਥਾਮ ਲਈ ਦੇਸ਼ਵਿਆਪੀ ਬੰਦ ਕਾਰਨ ਕਈ ਉਦਯੋਗਾਂ 'ਤੇ ਅਸਰ ਪਿਆ ਹੈ। ਸਰਕਾਰ ਨੇ ਆਰਥਕ ਮਾਮਲਿਆਂ ਦੇ ਸਕੱਤਰ ਅਤਨੂ ਚਕਰਵਰਤੀ ਦੀ ਪ੍ਰਧਾਨਗੀ ਵਿਚ ਅਧਿਕਾਰ ਪ੍ਰਾਪਤ ਸਮੂਹ ਦਾ ਗਠਨ ਕੀਤਾ ਹੈ।