ਕੋਰੋਨਾ ਨੂੰ ਲੈ ਭਗਵੰਤ ਮਾਨ ਦਾ ਸਰਕਾਰ 'ਤੇ ਹਮਲਾ, ਕਿਹਾ- ''ਸਰਕਾਰ ਦੇ ਏਜੰਡੇ ’ਤੇ ਸਿਰਫ਼ ਬੰਗਾਲ''

ਏਜੰਸੀ

ਖ਼ਬਰਾਂ, ਪੰਜਾਬ

''ਦੇਸ਼ ਦੇ ਲੋਕਾਂ ਦਾ ਕੋਰੋਨਾ ਨਾਲ ਬੁਰਾ ਹਾਲ ਹੈ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜੀ ਦੇ ਏਜੰਡੇ ’ਤੇ ਬੰਗਾਲ ਹੈ''

Bhagwant Mann

ਚੰਡੀਗੜ੍ਹ - ਦੇਸ਼ ਵਿਚ ਕੋਰੋਨਾ ਵਾਇਰਸ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਇਸ ਨਾਲ ਹਜ਼ਾਰਾ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ ਕਈ ਲੋਕ ਬੇਰੁਜ਼ਗਾਰ ਹੋਏ ਹਨ। ਕੋਰੋਨਾ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਾ ਹੈ ਤੇ ਹੁਣ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੋਰੋਨਾ ਨੂੰ ਲੈ ਕੇ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਦਰਅਸਲ ਉਹਨਾਂ ਨੇ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਨੇ ਲਿਖਿਆ, ''ਦੇਸ਼ ਦੇ ਲੋਕਾਂ ਦਾ ਕੋਰੋਨਾ ਨਾਲ ਬੁਰਾ ਹਾਲ ਹੈ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜੀ ਦੇ ਏਜੰਡੇ ’ਤੇ ਬੰਗਾਲ ਹੈ''

ਭਗਵੰਤ ਮਾਨ ਨੇ ਬੰਗਾਲ ਚੋਣਾਂ ਨੂੰ ਲੈ ਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ 'ਤੇ ਨਿਸ਼ਾਨ ਸਾਧਿਆ ਕਿਉਂਕਿ ਹੁਣ ਬੰਗਾਲ ਚੋਣਾਂ ਚੱਲ ਰਹੀਆਂ ਹਨ ਤੇ ਇਹਨਾਂ ਚੋਣਾਂ ਲਈ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ‘ਆਪ’ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਕਿੰਨਾ ਪੈਸਾ ਆਇਆ ਅਤੇ ਉਸ ਵਿਚੋਂ ਖ਼ਰਚ ਕਿੱਥੇ-ਕਿੱਥੇ ਕੀਤਾ ਗਿਆ ਹੈ?

ਅੱਜ ਤੱਕ ਇਸ ਫੰਡ ਦੀ ਜਾਣਕਾਰੀ ਕਿਉਂ ਜਨਤਕ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਲੋਕਾਂ ਦੇ ਦਾਨ ਦਿੱਤੇ ਪੈਸੇ ਨੂੰ ਗੁਪਤ ਨਹੀਂ ਰੱਖਿਆ ਜਾ ਸਕਦਾ, ਇਸ ਲਈ ਕੈਪਟਨ ਅਮਰਿੰਦਰ ਸਿੰਘ ਇਸ ਫੰਡ ਦੇ ਪੈਸਿਆਂ ਦਾ ਹਿਸਾਬ ਲੋਕਾਂ ਨੂੰ ਦੇਣ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੇ ਮ੍ਰਿਤਕਾਂ ਦੀ ਗਿਣਤੀ ਵਿਚ ਵੀ ਹੇਰਾ-ਫ਼ੇਰੀ ਕਰ ਰਹੀ ਹੈ। ਰੋਜ਼ ਸੈਂਕੜੇ ਲੋਕ ਇਲਾਜ ਨਾ ਹੋਣ ਕਾਰਨ ਮਰ ਰਹੇ ਹਨ ਪਰ ਸਰਕਾਰ ਦੇ ਰਿਕਾਰਡ ਵਿਚ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਸ਼ਾਮਲ ਨਹੀਂ ਕੀਤੇ ਜਾ ਰਹੇ।

ਸਰਕਾਰ ਜਿਹੜੇ ਅੰਕੜੇ ਦੱਸ ਰਹੀ ਹੈ, ਅਸਲ ਵਿਚ ਉਸ ਤੋਂ ਕਈ ਗੁਣਾ ਜ਼ਿਆਦਾ ਲੋਕ ਇਸ ਮਹਾਂਮਾਰੀ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਆਮ ਆਦਮੀ ਦੀ ਜਾਨ ਬਚਾਉਣ ਲਈ ਉਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਥਾਂ 5000 ਡੈੱਡ ਬਾਡੀ ਕਵਰ ਦੀ ਸਪਲਾਈ ਲਈ ਟੈਂਡਰ ਜਾਰੀ ਕੀਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬਾ ਸਰਕਾਰ ਸਿਹਤ ਸੇਵਾਵਾਂ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰ ਰਹੀ ਹੈ।