ਨਵਜੋਤ ਸਿੱਧੂ ਨੇ ਬੇਅਦਬੀ ਅਤੇ ਬਹਿਬਲ ਕਲਾਂ ਕੇਸਾਂ ਨੂੰ ਲੈ ਕੇ ਟਵੀਟ ਕਰ ਸਰਕਾਰ ਨੂੰ ਪੁੱਛੇ ਸਵਾਲ
ਪੰਜਾਬ ਸਰਕਾਰ ਇਨ੍ਹਾਂ ਦੋਵਾਂ ਮਸਲਿਆਂ ਨੂੰ ਕਿਸੇ ਤਣ ਪੱਤਣ ਲਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਫਾਇਰਿੰਗ ਕੇਸਾਂ ਸਮੇਤ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਾ ਪਾ ਲਿਆ ਹੈ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਕਾਂਗਰਸ ਦੀ ਵਾਪਸੀ ਲਈ ਇਹ ਦੋਵੇਂ ਮੁੱਦੇ ਕਾਫ਼ੀ ਅਹਿਮ ਸਨ ਪਰ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਮਸਲਿਆਂ ਨੂੰ ਕਿਸੇ ਤਣ ਪੱਤਣ ਲਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
Navjot Singh Sidhu
ਇਸ ਵਿਚਾਲੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਟਵੀਟ ਕਰ ਇਕ ਵੀਡੀਓ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਟਵੀਟ ਕਰ ਲਿਖਿਆ ਹੈ,' ਹਾਈ ਕੋਰਟ ਜੱਜ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਨੇ ਗੰਭੀਰ ਜ਼ੁਰਮ ਸਾਬਤ ਕਰਨ ਲਈ ਸਬੂਤ ਪੇਸ਼ ਕਰ ਦਿੱਤੇ ਹਨ ਤੇ ਗੁਨਾਹਗਾਰਾਂ ਦੇ ਨਾਮ ਵੀ ਦੱਸੇ I ਲੋਕਾਂ ਨੇ ਗੁਹਾਰ ਲਗਾਈ.. ਵਿਧਾਨ ਸਭਾ ਨੇ ਮੰਗ ਕੀਤੀ, ਮੈਂ ਵੀ ਝੋਲੀ ਅੱਡੀ... ... ਪਰ ਫਿਰ ਵੀ... ਰਿਪੋਰਟ ਤੋਂ ਬਾਅਦ ਦਰਜ ਐਫ.ਆਈ.ਆਰ 'ਚ ਕੋਈ ਨਾਮ ਨਹੀਂ ਪਾਇਆ ਗਿਆ, ਕਿਉਂ ? ਕਿਸ ਨੇ ਇਸ ਕੇਸ ਦਾ ਲੱਕ ਭੰਨ੍ਹਿਆ ?