ਸਿੱਖ ਜਥੇਬੰਦੀਆਂ ਅਤੇ ਲੋਕਾਂ ਨੇ ਲਗਾਇਆ ਧਰਨਾ
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਪਪ): ਸ਼ਹਿਰ ਦੇ ਅਬੋਹਰ ਰੋਡ ’ਤੇ ਬੀਤੀ ਸ਼ਾਮ ਪਵਿੱਤਰ ਗੁਟਕਾ ਸਾਹਿਬ ਦੇ ਸੜੇ ਹੋਏ ਅੰਗ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਵੀਰਵਾਰ ਦੀ ਰਾਤ ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਵਲੋਂ ਮਰਿਆਦਾ ਮੁਤਾਬਕ ਉਨ੍ਹਾਂ ਨੂੰ ਚੁਕ ਲਿਆ ਗਿਆ ਸੀ। ਜਦੋਂ ਇਸ ਘਟਨਾ ਦਾ ਅੱਜ ਸਵੇਰੇ ਪਤਾ ਲੱਗਾ ਤਾਂ ਸਿੱਖ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪੁੱਜਾ।
ਸਿੱਖ ਜਥੇਬੰਦੀਆਂ ਦੇ ਕੁੱਝ ਮੈਂਬਰ ਅਕਾਲੀ ਦਲ ਅੰਮਿ੍ਰਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਨੇੜਲੇ ਘਰਾਂ ਦੇ ਲੋਕ ਅਤੇ ਬੀਬੀਆਂ ਖਾਲੀ ਪਲਾਟ, ਜਿਥੇ ਸ੍ਰੀ ਗੁੁਟਕਾ ਸਾਹਿਬ ਦੇ ਅੰਗ ਮਿਲੇ ਸਨ ਧਰਨਾ ਲਗਾ ਕੇ ਬੈਠ ਗਏ। ਇਸ ਦੌਰਾਨ ਧਰਨਾ ਦੇ ਰਹੇ ਸਿੱਖ ਜਥਬੰਦੀਆਂ ਦੇ ਆਗੂਆਂ ਅਤੇ ਲੋਕਾਂ ਨੇ ਮੰਗ ਕੀਤੀ ਕਿ ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਿਟੀ ਐਸਐਚਓ ਮੋਹਨ ਲਾਲ ਨੇ ਕਿਹਾ ਕਿ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਉਧਰ ਇਸ ਸੰਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਮੇਰ ਸਿੰਘ ਨੇ ਕਿਹਾ ਕਿ ਉਹ ਬੀਤੀ ਸ਼ਾਮ ਘਟਨਾ ਸਥਾਨ ’ਤੇ ਗਏ ਸਨ ਤੇ ਇਸ ਸਬੰਧੀ ਉਚ ਅਧਿਕਾਰੀਆਂ ਅਤੇ ਪੁਲਿਸ ਨੂੰ ਜਾਣੂ ਕਰਵਾ ਦਿਤਾ ਗਿਆ ਹੈ।