ਕੋਰੋਨਾ ਦੀ ਆੜ ਹੇਠ ਕੇਂਦਰ ਵਲੋਂ ਕਿਸਾਨਾਂ ਨੂੰ  ਦਿੱਲੀ ਦੀਆਂ ਹੱਦਾਂ ਤੋਂ ਖਦੇੜਨ ਦੀ ਤਿਆਰੀ?

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੀ ਆੜ ਹੇਠ ਕੇਂਦਰ ਵਲੋਂ ਕਿਸਾਨਾਂ ਨੂੰ  ਦਿੱਲੀ ਦੀਆਂ ਹੱਦਾਂ ਤੋਂ ਖਦੇੜਨ ਦੀ ਤਿਆਰੀ?

image

 

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਹਵਾਈ ਸਰਵੇ ਕਰਵਾ ਕੇ ਕਿਸਾਨਾਂ ਦੀ ਭੀੜ ਦਾ ਅਨੁਮਾਨ ਲਾਉਣ ਦੀ ਚਰਚਾ

ਚੰਡੀਗੜ੍ਹ, 16 ਅਪ੍ਰੈਲ (ਗੁਰਉਪਦੇਸ਼ ਭੁੱਲਰ): ਦਿੱਲੀ ਵਿਚ ਫੈਲ ਰਹੇ ਵੱਡੀ ਪੱਧਰ 'ਤੇ ਕੋਰੋਨਾ ਦੀ ਆੜ ਵਿਚ ਕੇਂਦਰ ਸਰਕਾਰ ਹੁਣ ਹਾੜੀ ਦੇ ਸੀਜ਼ਨ ਵਿਚ ਹੱਦਾਂ ਉਪਰ ਕਿਸਾਨਾਂ ਦੀ ਘਟੀ ਗਿਣਤੀ ਦਾ ਲਾਹਾ ਲੈਂਦਿਆਂ ਅੰਦੋਲਨਕਾਰੀਆਂ ਨੂੰ  ਖਦੇੜਨ ਲਈ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ | 
ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦੀ ਭੀੜ ਦਾ ਅਨੁਮਾਨ ਲਾਉਣ ਲਈ ਹਵਾਈ ਸਰਵੇ ਕਰਵਾਉਣ ਬਾਅਦ ਕਿਸਾਨ ਆਗੂਆਂ ਨੂੰ  ਇਕ ਪੱਤਰ ਭੇਜ ਕੇ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਮਹਾਂਮਾਰੀ ਦੇ ਫੈਲਣ ਨੂੰ  ਰੋਕਣ ਲਈ ਉਥੋਂ ਚਲੇ ਜਾਣ ਲਈ ਕਿਹਾ ਗਿਆ ਹੈ ਪਰ ਇਸ ਪੱਤਰ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਖੁਲ੍ਹ ਕੇ ਕੁੱਝ ਵੀ ਦਸਣ ਲਈ ਤਿਆਰ ਨਹੀਂ ਅਤੇ ਸ਼ਾਇਦ ਉਨ੍ਹਾਂ ਨੂੰ  ਡਰ ਹੈ ਕਿ ਇਸ ਸਮੇਂ ਕਣਕ ਦੀ ਕਟਾਈ ਦਾ ਮੌਸਮ ਹੋਣ ਕਾਰਨ ਕਾਫ਼ੀ ਕਿਸਾਨ ਘਰਾਂ ਨੂੰ  ਚਲੇ ਗਏ ਹਨ ਅਤੇ ਬਾਕੀ ਕਿਸਾਨਾਂ ਵਿਚ ਡਰ ਪੈਦਾ ਹੋ ਸਕਦਾ ਹੈ | ਪਰ ਅੱਜ ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ 'ਤੇ ਹੋਈ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਕੋਰੋਨਾ ਬਾਰੇ ਚਰਚਾ ਜ਼ਰੂਰ ਕੀਤੀ ਹੈ | ਪਹਿਲੀ ਵਾਰ ਕਿਸਾਨਾਂ ਨੂੰ  ਸਾਵਧਾਨੀਆਂ ਰੱਖਣ ਵਿਸ਼ੇਸ਼ ਤੌਰ 'ਤੇ ਮਾਸਕ ਆਦਿ ਪਾਉਣ ਲਈ ਕਿਹਾ ਗਿਆ ਹੈ | ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਅੱਜ ਜਾਰੀ ਬਿਆਨ ਵਿਚ 
ਕਿਹਾ ਹੈ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਕਿਸੇ ਕਾਰਵਾਈ ਦੀਆਂ ਗ਼ਲਤ ਖ਼ਬਰਾਂ ਫੈਲਾ ਕੇ ਕਿਸਾਨਾਂ ਵਿਚ ਡਰ ਪੈਦਾ ਕਰਨ ਦੇ ਯਤਨ ਕਰ ਰਹੀ ਹੈ |
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੇਂਦਰ ਵਲੋਂ ਕੋਈ ਅਜਿਹੀ ਕਾਰਵਾਈ ਹੁੰਦੀ ਹੈ ਤਾਂ ਅਸੀ ਡੱਟ ਕੇ ਵਿਰੋਧ ਕਰਾਂਗੇ ਕਿਉਂਕਿ ਕਿਸਾਨ ਖੇਤੀ ਕਾਨੂੰਨ ਵਾਪਸੀ 'ਤੇ ਦਿ੍ੜ੍ਹ ਹਨ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਨੂੰ  ਕਣਕ ਦੀ ਕਟਾਈ ਖ਼ਤਮ ਹੋਣ ਬਾਅਦ ਵੱਡੀ ਗਿਣਤੀ ਵਿਚ ਹੱਦਾਂ 'ਤੇ ਪਹੁੰਚਣ ਲਈ ਵੀ ਕਿਹਾ ਗਿਆ ਹੈ | ਇਸ ਤੋਂ ਸਪੱਸ਼ਟ ਹੈ ਕਿ ਕਿਸਾਨ ਮੋਰਚੇ ਦੇ ਆਗੂਆਂ ਨੂੰ  ਵੀ ਕੇਂਦਰ ਵਲੋਂ ਕਿਸੇ ਕਾਰਵਾਈ ਦਾ ਸ਼ੰਕਾ ਜ਼ਰੂਰ ਹੈ ਭਾਵੇਂ ਕਿ ਉਹ ਫ਼ਿਲਹਾਲ ਅਪਣੀ ਰਣਨੀਤੀ ਤਹਿਤ ਇਸ ਨੂੰ  ਜ਼ਿਆਦਾ ਤੂਲ ਨਹੀਂ ਦੇਣਾ ਚਾਹੁੰਦੇ |