ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਚੰਡੀਗੜ੍ਹ ਵਿਚ ਮੁੜ ਲੱਗਾ ਹਫ਼ਤਾਵਾਰੀ ਲਾਕਡਾਊਨ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਚੰਡੀਗੜ੍ਹ ਵਿਚ ਮੁੜ ਲੱਗਾ ਹਫ਼ਤਾਵਾਰੀ ਲਾਕਡਾਊਨ

image


ਪ੍ਰਸ਼ਾਸਕ ਦੀ ਅਗਵਾਈ 'ਚ ਹੋਈ ਬੈਠਕ ਵਿਚ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਚੰਡੀਗੜ੍ਹ, 16 ਅਪ੍ਰੈਲ (ਤਰੁਣ ਭਜਨੀ): ਸ਼ਹਿਰ ਵਿਚ ਬਰਤਾਨਵੀ ਕੋਵਿਡ ਸਰੂਪ ਦੀ ਦਸਤਕ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹਫ਼ਤਾਵਾਰੀ ਲਾਕਡਾਊਨ ਨੂੰ  ਫਿਰ ਤੋਂ ਲਾਗੂ ਕਰਨ ਦਾ ਐਲਾਨ ਕਰ ਦਿਤਾ ਹੈ | ਪ੍ਰਸ਼ਾਸਨ ਦੇ ਆਦੇਸ਼ਾਂ ਮੁਤਾਬਕ ਸਨਿਚਰਵਾਰ ਅਤੇ ਐਤਵਾਰ ਨੂੰ  ਲੋਕਾਂ ਨੂੰ  ਜਨਤਕ ਥਾਵਾਂ , ਪ੍ਰੋਗਰਾਮਾਂ ਅਤੇ ਹੋਰ ਸਮਾਰੋਹ ਆਦਿ ਵਿਚ ਜਾਣ 'ਤੇ ਰੋਕ ਰਹੇਗੀ | ਇਸ ਨੂੰ  17 ਅਪ੍ਰੈਲ ਤੋਂ ਲਾਗੂ ਕੀਤਾ ਜਾ ਰਿਹਾ ਹੈ | ਪੰਜਾਬ ਰਾਜ-ਭਵਨ ਵਿਚ ਕੋਵਿਡ-19 ਵਾਰ ਰੂਮ ਮੀਟਿੰਗ ਦੌਰਾਨ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਅਧਿਕਾਰੀਆਂ ਨਾਲ ਚਰਚਾ ਕਰਨ ਦੇ ਬਾਅਦ ਇਹ ਫ਼ੈਸਲਾ ਲਿਆ ਹੈ | ਚੰਡੀਗੜ੍ਹ ਵਿਚ ਹਫ਼ਤਾਵਾਰੀ ਲਾਕਡਾਊਨ ਸ਼ੁਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ | ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ  ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ | 
ਲਾਕਡਾਊਨ ਦੌਰਾਨ ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ | ਦੁੱਧ ਦੀ ਸਪਲਾਈ ਡੋਰ ਟੂ ਡੋਰ ਕਰਨੀ ਹੋਵੇਗੀ | ਪ੍ਰਾਈਵੇਟ ਦਫ਼ਤਰ ਅਤੇ ਇੰਡਸਟਰੀ ਖੁਲ੍ਹੀ ਰਹੇਗੀ, ਸਰਕਾਰੀ ਦਫ਼ਤਰ ਬੰਦ ਰਹਿਣਗੇ | ਆਰਐਲਏ ਵੀ ਬੰਦ ਰਹੇਗਾ | 
ਹਾਲਾਂਕਿ ਜਨਤਕ ਟਰਾਂਸਪੋਰਟ 'ਤੇ ਕੋਈ ਪਾਬੰਦੀ ਨਹੀਂ ਹੈ |  ਮਾਰਕੀਟ,  ਸ਼ਾਪਿੰਗ ਮਾਲ ਅਤੇ ਜਿੰਮ ਬੰਦ ਰਹਿਣਗੇ | ਰਾਕ ਗਾਰਡਨ,  ਸੁਖਨਾ ਝੀਲ ਜਿਵੇਂ ਸੈਰ ਸਪਾਟਾ ਵਾਲੀਆਂ ਥਾਵਾਂ ਨੂੰ  ਬੰਦ ਕਰਨ ਦਾ ਪਹਿਲਾਂ ਹੀ ਫ਼ੈਸਲਾ ਲਿਆ ਜਾ ਚੁੱਕਾ ਹੈ | ਪੁਲਿਸ ਹਫ਼ਤਾਵਾਰੀ ਲਾਕਡਾਊਨ ਨੂੰ  ਸਫ਼ਲ ਬਣਾਉਣ ਲਈ ਨਾਕਾਬੰਦੀ ਕਰੇਗੀ | 
ਪੀਜੀਆਈ ਦੇ ਡਾਇਰੈਕਟਰ ਪ੍ਰੋ . ਜਗਤਰਾਮ ਨੇ ਲੋਕਾਂ ਲਈ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਲਾਜ਼ਮੀ ਰੂਪ ਨਾਲ ਮੂੰਹ ਉਤੇ ਮਾਸਕ ਲਗਾਉਣ ਅਤੇ ਸਰੀਰਕ ਦੂਰੀ ਬਣਾਏ ਰੱਖਣ | ਸ਼ਹਿਰ ਦੇ ਲੋਕਾਂ ਨੂੰ  ਭੀੜ- ਭਾੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਇਵੇਂ ਹੀ ਕੋਰੋਨਾ ਦੇ ਮਾਮਲੇ ਵਧਦੇ ਰਹੇ ਤਾਂ ਸ਼ਹਿਰ ਵਿਚ ਇਕ ਵਾਰ ਫਿਰ ਤੋਂ ਲਾਕਡਾਊਨ ਲਗਾਉਣਾ ਪੈ ਸਕਦਾ ਹੈ | 
ਚੰਡੀਗੜ੍ਹ ਵਿਚ ਬਣਾਏ ਗਏ 12 ਨਵੇਂ ਕੰਟੇਨਮੇਂਟ ਜ਼ੋਨ

ਕੋਰੋਨਾ ਦੇ ਕੇਸ ਜਿਨ੍ਹਾਂ ਏਰੀਆ ਵਿਚ ਜਿਆਦਾ ਆ ਰਹੇ ਹਨ ਉੱਥੇ ਏਰੀਆ ਦੀ ਚੋਣ ਕਰ ਕੇ ਕੰਟੇਨਮੈਂਟ ੋਨ ਬਣਾਏ ਜਾ ਰਹੇ ਹਨ | ਵੀਰਵਾਰ ਨੂੰ  16 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ | ਡਿਸਟਰਿਕਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਚੇਅਰਪਰਸਨ ਸਲਾਹਕਾਰ ਮਨੋਜ ਪਰੀਦਾ ਨੇ ਇਹ ਐਲਾਨ ਕੀਤਾ | ਹੁਣ ਸ਼ਹਿਰ ਵਿਚ ਕਰੀਬ 100 ਕੰਟੇਨਮੈਂਟ ਜ਼ੋਨ ਹੋ ਗਏ ਹਨ |