ਨਸ਼ਾ ਤਸਕਰੀ ਮਾਮਲੇ 'ਚ ਵੱਡੀ ਕਾਰਵਾਈ: SSP ਰਾਜਜੀਤ ਸਿੰਘ ਨੂੰ ਕੀਤਾ ਗਿਆ ਬਰਖ਼ਾਸਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ 'ਚਿੱਟੇ' ਦੀ ਤਸਕਰੀ ਨਾਲ ਕਮਾਈ ਹੋਈ ਜਾਇਦਾਦ ਦੀ ਜਾਂਚ ਦੇ ਹੁਕਮ 

SSP Rajjit Singh

ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਭਗਵੰਤ ਮਾਨ 

ਮੋਹਾਲੀ : ਨਸ਼ਾ ਤਸਕਰੀ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰਦਿਆਂ PPS ਅਫ਼ਸਰ ਰਾਜਜੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ। ਡਰੱਗ ਮਾਮਲੇ ਵਿਚ ਸੀਲਬੰਦ ਰਿਪੋਰਟਾਂ ਖੁੱਲ੍ਹਣ ਮਗਰੋਂ ਕਈ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਦੀ ਮਿਲੀ ਭੁਗਤ ਨਾਲ ਨਸ਼ਾ ਤਸਕਰਾਂ ਨੂੰ ਛੱਡਿਆ ਜਾਂਦਾ ਰਿਹਾ ਹੈ।

ਇਸ ਮਾਮਲੇ ਵਿਚ ਹੁਣ ਕਾਰਵਾਈ ਕਰਦਿਆਂ ਐਸ.ਐਸ.ਪੀ. ਰਾਜਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਬਾਰੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ।


ਦੱਸ ਦੇਈਏ ਕਿ ਸੀਲਬੰਦ ਰਿਪੋਰਟਾਂ ਵਿਚ ਇਹ ਵੀ ਖੁਲਾਸਾ ਹੋਇਆ ਕਿ ਕਈ ਲੋਕਾਂ 'ਤੇ ਨਸ਼ਾ ਤਸਕਰੀ ਦੇ ਝੂਠੇ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਚਲਦੇ ਹੀ ਹੁਣ ਮੁੱਖ ਮੰਤਰੀ ਵਲੋਂ ਇਹ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ:  ਦਿੱਲੀ ਆਬਕਾਰੀ ਨੀਤੀ ਮਾਮਲਾ : ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ

ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਲਿਖਿਆ, ''ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ PPS ਨੂੰ ਡਰੱਗ ਤਸਕਰੀ ਕੇਸ 'ਚ ਨਾਮਜ਼ਦ ਕਰ ਕੇ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ। ਵਿਜੀਲੈਂਸ ਨੂੰ 'ਚਿੱਟੇ' ਦੀ ਤਸਕਰੀ ਨਾਲ ਕਮਾਈ ਹੋਈ ਜਾਇਦਾਦ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ।''

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਜ਼ੀ ਕੇਸਾਂ ਵਿਚ ਫਸਾ ਕੇ ਬੇਕਸੂਰਾਂ ਤੋਂ ਪੈਸੇ ਵਸੂਲਣ ਦੇ ਮਾਮਲੇ ਵਿਚ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਈਕੋਰਟ ਵਿਚ ਖੁੱਲ੍ਹੀਆਂ ਇਨ੍ਹਾਂ ਸੀਲਬੰਦ ਜਾਂਚ ਰਿਪੋਰਟਾਂ ਅਨੁਸਾਰ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਵੀ ਕਥਿਤ ਤੌਰ 'ਤੇ ਭੋਲੇ ਭਲੇ ਲੋਕਾਂ 'ਤੇ ਨਸ਼ਾ ਤਸਕਰੀ ਦੇ ਕੇਸ ਪਾ ਕੇ ਮੋਤੀ ਰਕਮ ਵਸੂਲਣ ਦੇ ਦੋਸ਼ ਲੱਗੇ ਹਨ। 

ਹੁਣ ਇਸ ਮਾਮਲੇ ਵਿਚ ਐਸ.ਐਸ.ਪੀ. ਰਾਜਜੀਤ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਹੈ ਅਤੇ ਨਾਲ ਹੀ ਵਿਜੀਲੈਂਸ ਨੂੰ 'ਚਿੱਟੇ' ਦੀ ਤਸਕਰੀ ਨਾਲ ਕਮਾਈ ਹੋਈ ਜਾਇਦਾਦ ਦੀ ਜਾਂਚ ਕਰਨ ਦੇ ਵੀ ਹੁਕਮ ਦਿਤੇ ਹਨ।