ਵਾਇਰਲ ਵੀਡੀਓ ਵਾਲੀ ਲੜਕੀ ਦਾ ਵਤੀਰਾ ਸ਼ਰਧਾ ਵਾਲਾ ਨਹੀਂ ਸਗੋਂ ਸ਼ਾਜਸੀ: ਭਾਈ ਰਜਿੰਦਰ ਮਹਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਦਰਬਾਰ ਸਾਹਿਬ ਵਿਖੇ ਕਿਸੇ ਵੀ ਸੰਗਤ ਨਾਲ ਕਿਸੇ ਤਰ੍ਹਾਂ ਦਾ ਕੋਈ ਮੱਤਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ'

PHOTO

 

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਵਾਇਰਲ ਹੋ ਰਹੀ ਵੀਡੀਓ ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਵੀਡੀਓ ਵਿਚ ਲੜਕੀ ਦਾ ਵਤੀਰਾ ਗੁਰੂ ਘਰ ਪ੍ਰਤੀ ਸ਼ਰਧਾ ਵਾਲਾ ਨਹੀਂ ਸੀ। ਉਨ੍ਹਾ ਕਿਹਾ ਕਿਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜੋ ਮੂੰਹ 'ਤੇ ਤਿਰੰਗੇ ਦਾ ਨਿਸ਼ਾਨ ਬਣਾ ਕੇ ਇੱਕ ਆਦਮੀ ਦੇ ਨਾਲ ਘੰਟਾ-ਘਰ ਡਿਉਡੀ ਵਾਲੀ ਸਾਈਡ ਤੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗੀ ਨੂੰ ਡਿਊਟੀ 'ਤੇ ਹਾਜ਼ਰ ਸੇਵਾਦਾਰ ਨੇ ਮੂੰਹ 'ਤੇ ਤਿਰੰਗਾ ਬਣਾਏ ਹੋਣ ਦਾ ਨੋਟਿਸ ਲੈਂਦਿਆਂ ਅੰਦਰ ਜਾਣ 'ਤੇ ਇਤਰਾਜ਼ ਕੀਤਾ। ਇਹ ਲੜਕੀ ਸਬੰਧਤ ਸੇਵਾਦਾਰ ਨਾਲ ਗਲਤ ਭਾਸ਼ਾ ਨਾਲ ਪੇਸ਼ ਆਈ ਜਿਸਦੀ ਸ਼ਬਦਾਵਲੀ ਮੀਡੀਏ 'ਤੇ ਸਪੱਸ਼ਟ ਸੁਣਾਈ ਦੇ ਰਹੀ ਹੈ।  

ਉਨ੍ਹਾਂ ਕਿਹਾ ਕਿ ਜਿਹਨਾਂ ਮੁੱਦਾ ਮੀਡੀਆ ਰਾਹੀਂ ਵਾਇਰਲ ਹੋ ਰਿਹਾ ਹੈ। ਉਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਸਬੰਧਤ ਲੜਕੀ ਆਪਣੇ ਸਾਥੀ ਨਾਲ ਕਿਸੇ ਸ਼ਰਾਰਤੀ ਤੇ ਸਾਜਿਸ਼ੀ ਨਜ਼ਰੀਏ ਤੋਂ ਹੀ ਸ੍ਰੀ ਦਰਬਾਰ ਸਾਹਿਬ ਆਈ ਹੈ, ਸ਼ਰਧਾ ਭਾਵਨਾ ਨਾਲ ਨਹੀਂ। ਉਨ੍ਹਾਂ ਕਿਹਾ ਕਿ ਸ਼ਰਾਰਤੀ ਮੀਡੀਆ ਨੂੰ ਨਾਲ ਲਿਆ ਕਿ ਉਸਦੇ ਸਾਹਮਣੇ ਸੇਵਾਦਾਰ ਨਾਲ ਗਲਤ ਅੰਦਾਜ਼ ਨਾਲ ਪੇਸ਼ ਅਉਣਾ ਤੇ ਉਸਨੂੰ “ਬਕਵਾਸ ਨਾ ਕਰੇਂ” ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨਾ ਅਜਿਹੇ ਰਵੱਈਏ ਦਾ ਪ੍ਰਗਟਾਵਾ ਕਿਸੇ ਤਰ੍ਹਾਂ ਵੀ ਉਸਦੀ ਸ਼ਰਧਾ ਭਾਵਨਾ ਨੂੰ ਜਾਹਿਰ ਨਹੀਂ ਕਰਦਾ।

ਉਸਦੀ ਸ਼ਰਾਰਤ ਤੇ ਸਾਜ਼ਿਸ਼ ਸਪੱਸ਼ਟ ਨਜ਼ਰ ਆਉਂਦੀ ਹੈ। ਦੂਸਰੀ ਗੱਲ ਇਹ ਵੀ ਸਪੱਸ਼ਟ ਕਰਨਾ ਬਣਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਉਂਦੀ ਹੈ। ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੱਤ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਸਾਡੇ ਵਾਸਤੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਦੀਦਾਰ ਕਰਨ ਆਇਆ ਹਰ ਸ਼ਰਧਾਲੂ ਸਾਡੇ ਵਾਸਤੇ ਸਤਿਕਾਰ ਦਾ ਪਾਤਰ ਹੈ। ਪਰ ਅਜਿਹੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣਾ ਪ੍ਰਬੰਧ ਦਾ ਹਿੱਸਾ ਹੈ।

ਅਜਿਹੀਆਂ ਸ਼ਰਾਰਤੀ ਤੇ ਸਾਜਿਸ਼ੀ ਘਟਨਾਵਾਂ ਪਹਿਲਾਂ ਵੀ ਕਈ ਵਾਰੀ ਵਾਪਰ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਜਿਸ ਸਬੰਧਤ ਸੇਵਾਦਾਰ ਨੇ ਆਪਣੀ ਡਿਊਟੀ ਦੌਰਾਨ ਇਸ ਹਰਕਤ ਦਾ ਨੋਟਿਸ ਲਿਆ ਉਸਨੇ ਬੜੇ ਸਲੀਕੇ, ਜਿੰਮੇਵਾਰੀ ਤੇ ਦਿਆਨਤਦਾਰੀ ਨਾਲ ਆਪਣੀ ਡਿਊਟੀ ਕੀਤੀ ਹੈ, ਉਸਨੂੰ ਸ਼ਾਬਾਸ਼ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਤੇ ਪ੍ਰਬੰਧ ਵਿੱਚ ਬੇਲੋੜੀ ਦਖਲ ਅੰਦਾਜੀ ਕਰ ਰਹੇ ਹਨ ਉਹ ਆਪਣੀਆਂ ਇਹਨਾਂ ਗੰਦੀਆਂ ਹਰਕਤਾਂ ਤੋਂ ਬਾਜ਼ ਆਉਣ ਤੇ ਆਪਣੀ ਇਸ ਕਮੀਨੀ ਸੋਚ ਨੂੰ ਆਪਣੇ ਤੱਕ ਹੀ ਸੀਮਤ ਰੱਖਣ। ਸਬੰਧਤ ਚੈਨਲ ਜਿਸਦਾ ਇਸ ਘਟਨਾ ਸੰਬੰਧੀ ਕੋਈ ਉਸਾਰੂ ਰੋਲ ਸਾਹਮਣੇ ਨਹੀਂ ਆਇਆ ਉਸਨੂੰ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਉਹ ਸਹੀ ਪੱਖ ਨੂੰ ਹੀ ਲੋਕਾਂ ਸਾਹਮਣੇ ਪੇਸ਼ ਕਰਨ ਦੀ ਖੇਚਲ ਕਰੇ।