Patiala News : ਪਿੰਡ ਵਾਸੀਆਂ ਨੇ ਨਸ਼ੇ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਉਮੀਦਵਾਰਾਂ ਨੂੰ ਦਿੱਤੀ ਚਣੌਤੀ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਅੰਦਰ ਲਗਾਏ ਫਲੈਕਸ ਬੋਰਡ

drugs

Patiala News : ਪਟਿਆਲਾ ਜ਼ਿਲੇ ਦੇ ਨਾਭਾ ਡਵੀਜ਼ਨ ਦੇ ਅੰਦਰ ਪੈਂਦੇ ਪਿੰਡ ਰਾਮਗੜ੍ਹ 'ਚ ਪਿੰਡ ਵਾਸੀਆਂ ਵੱਲੋਂ ਬੇਰੋਜ਼ਗਾਰੀ, ਨਸ਼ਿਆਂ, ਪਰਵਾਸ , ਕਿਸਾਨੀ ਕਰਜ਼ੇ , ਮਨਰੇਗਾ ਮਜ਼ਦੂਰਾਂ ਦੀ ਦੁਰਦਸ਼ਾ ਆਦਿ ਮੁੱਦਿਆਂ ਅਤੇ ਸਵਾਲਾਂ ਦੇ ਜਵਾਬ ਨੂੰ ਲੈ ਕੇ ਇੱਕ ਫਲੈਕਸ ਲਗਾਇਆ ਹੈ। ਇਨ੍ਹਾਂ ਮਹੱਤਵਪੂਰਨ ਮੁੱਦਿਆਂ 'ਤੇ ਜਵਾਬ ਦਿੱਤੇ ਬਿਨਾਂ ਕਿਸੇ ਵੀ ਉਮੀਦਵਾਰ ਦਾ ਸਵਾਗਤ ਨਹੀਂ ਕੀਤਾ ਜਾਵੇਗਾ। 

 

ਦਰਅਸਲ 'ਚ ਪਿੰਡ ਰਾਮਗੜ੍ਹ ਵਾਸੀਆਂ ਨੇ ਪਿੰਡ 'ਚ ਵੋਟਾਂ ਮੰਗਣ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਸਵਾਲ ਕਰਨ ਦੀ ਰਣਨੀਤੀ ਬਣਾਈ ਹੈ। ਪਿੰਡ ਵਾਸੀਆਂ ਅਨੁਸਾਰ ਇਹ ਇੱਕ ਸਪਸ਼ਟ ਸੰਦੇਸ਼ ਹੈ - ਪਹਿਲਾਂ ਜਵਾਬ ਦਿਓ, ਫਿਰ ਐਂਟਰ ਹੋਵੋ। ਫਲੈਕਸ ਬੋਰਡ ਲਗਾਉਣ ਦਾ ਫੈਸਲਾ ਪਿੰਡ ਵਾਸੀਆਂ ਦੀ ਸਰਬਸੰਤੀ ਨਾਲ ਲਿਆ ਗਿਆ ਹੈ। 


ਪਿੰਡ ਦੇ ਇੱਕ ਨੌਜਵਾਨ ਮਨਪ੍ਰੀਤ ਸਿੰਘ ਨੇ ਨਿਰਾਸ਼ਾ ਪ੍ਰਗਟਦਿਆਂ ਕਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਦੇ ਵਾਅਦਿਆਂ ਦੇ ਬਾਵਜੂਦ ਸਾਡੇ ਪਿੰਡਾਂ ਵਿੱਚ ਨਸ਼ਾ ਆਮ ਮਿਲ ਰਿਹਾ ਹੈ ਅਤੇ ਨਸ਼ੇ ਨੂੰ ਰੋਕਿਆ ਨਹੀਂ ਜਾ ਰਿਹਾ। ਅਸੀਂ ਉਮੀਦ ਕਰਦੇ ਹਾਂ ਕਿ ਉਮੀਦਵਾਰ ਸਾਡੇ ਪਿੰਡ ਵਿੱਚ ਪੈਰ ਰੱਖਣ ਤੋਂ ਪਹਿਲਾਂ ਫਲੈਕਸ ਬੋਰਡ 'ਤੇ ਪੁੱਛੇ ਸਵਾਲਾਂ ਦਾ ਸਥਾਈ ਹੱਲ ਪੇਸ਼ ਕਰਨਗੇ।

 

ਬਲਬੀਰ ਸਿੰਘ ਦਾ ਕਹਿਣਾ ਹੈ ਕਿ “ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਉਦੇਸ਼ ਉਮੀਦਵਾਰਾਂ ਨੂੰ ਬੇਰੁਜ਼ਗਾਰੀ, ਕਰਜ਼ੇ ਅਤੇ ਪਿੰਡ ਦੇ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਮਨਰੇਗਾ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਅਤੇ ਪਿੰਡਾਂ 'ਚੋ ਲਗਾਤਾਰ ਹੋ ਰਹੇ ਪਰਵਾਸ ਦੇ ਕਾਰਕਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।”

 

ਇਸ ਦੌਰਾਨ ਕੁਲਵਿੰਦਰ ਕੌਰ ਨੇ ਸਾਰੇ ਉਮੀਦਵਾਰਾਂ ਨੂੰ ਪਿੰਡ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ। ਜਿਸ ਵਿੱਚ ਬੇਰੁਜ਼ਗਾਰੀ, ਸੁੰਗੜਦੀ ਖੇਤੀ, ਵਧਦੇ ਕਰਜ਼ੇ, ਨਸ਼ਿਆਂ ਦੇ ਮੁੱਦੇ, ਪਰਵਾਸ, ਅਤੇ ਮਨਰੇਗਾ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਸ਼ਾਮਲ ਹਨ।

 

ਉਨ੍ਹਾਂ ਕਿਹਾ ਕਿ “ਕਿਸਾਨ, ਖਾਸ ਤੌਰ 'ਤੇ ਜਿਨ੍ਹਾਂ ਕੋਲ ਸਿਰਫ ਪੰਜ ਏਕੜ ਜ਼ਮੀਨ ਹੈ, ਨੂੰ ਕੋਈ ਲਾਭ ਨਹੀਂ ਦਿਖ ਰਿਹਾ ਅਤੇ ਖੇਤੀ ਦੀਆਂ ਵਧਦੀਆਂ ਲਾਗਤਾਂ ਟਿਕਾਊ ਨਹੀਂ ਹਨ। ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰ ਵੀ ਅਫਸਰਸ਼ਾਹੀ ਕਰਕੇ ਨਿਰਾਜ਼ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜਿਹੜੇ ਵੀ ਉਮੀਦਵਾਰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ,ਉਨ੍ਹਾਂ ਦਾ ਚੋਣ ਪ੍ਰਚਾਰ ਲਈ ਸਵਾਗਤ ਨਹੀਂ ਕੀਤਾ ਜਾਵੇਗਾ।