Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਟਰਾਲੀਆਂ ਅਤੇ ਵ੍ਹੀਲਚੇਅਰ ਦੀ ਘਾਟ, ਯਾਤਰੀ ਹੁੰਦੇ ਨੇ ਪ੍ਰੇਸ਼ਾਨ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸੁਵਿਧਾਵਾਂ ਵਿੱਚ ਸੁਧਾਰ ਦੀ ਮੰਗ ਦੁਹਰਾਈ
Amritsar Airport,: ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ (FAI) ਅਤੇ ਅੰਮ੍ਰਿਤਸਰ ਵਿਕਾਸ ਮੰਚ (AVM) ਨੇ ਇੱਕ ਵਾਰ ਫਿਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਮੁਢਲੀਆਂ ਯਾਤਰੀ ਸਹੂਲਤਾਂ ਦੀ ਲਗਾਤਾਰ ਘਾਟ - ਖਾਸ ਕਰ ਕੇ ਰਵਾਨਗੀ ਟਰਮੀਨਲ 'ਤੇ ਸਮਾਨ ਟਰਾਲੀਆਂ ਅਤੇ ਵ੍ਹੀਲਚੇਅਰ ਸਹਾਇਤਾ ਦੀ ਅਣਉਪਲਬਧਤਾ 'ਤੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਏਵੀਐਮ ਦੇ ਓਵਰਸੀਜ਼ ਸੈਕਟਰੀ ਸਮੀਪ ਸਿੰਘ ਗੁਮਟਾਲਾ ਦੇ ਹਾਲ ਹੀ ਦੇ ਤਜਰਬੇ ਤੋਂ ਬਾਅਦ ਇਹ ਮੁੱਦਾ ਉਜਾਗਰ ਕੀਤਾ ਗਿਆ ਸੀ, ਜੋ ਹਾਲ ਹੀ ਵਿੱਚ ਦੁਬਈ ਲਈ ਇੱਕ ਫ਼ਲਾਈਟ 'ਤੇ ਹਵਾਈ ਅੱਡੇ ਤੋਂ ਰਵਾਨਾ ਹੋਏ ਸਨ।
ਗੁਮਟਾਲਾ, ਜੋ ਕਿ ਅਮਰੀਕਾ ਦੇ ਓਹੀਓ ਵਿੱਚ ਰਹਿੰਦਾ ਹੈ, ਨੇ ਸਾਂਝਾ ਕੀਤਾ ਕਿ ਉਹ ਸਵੇਰੇ 6:45 ਵਜੇ ਦੇ ਕਰੀਬ ਆਪਣੀ ਫ਼ਲਾਈਟ ਲਈ ਇੱਕ ਪਰਿਵਾਰਕ ਮੈਂਬਰ ਨਾਲ ਪਹੁੰਚਿਆ ਅਤੇ ਰਵਾਨਗੀ ਪ੍ਰਵੇਸ਼ ਦੁਆਰ ਦੇ ਨੇੜੇ ਕੋਈ ਟਰਾਲੀ ਉਪਲਬਧ ਨਹੀਂ ਮਿਲੀ। ਦੋਵਾਂ ਨੂੰ ਬਿਨਾਂ ਕਿਸੇ ਸਹਾਇਤਾ ਦੇ ਟਰਮੀਨਲ ਵਿੱਚ ਚੈੱਕ-ਇਨ ਲਈ ਤਿੰਨ ਬੈਗ, ਦੋ ਕੈਰੀ-ਆਨ, ਲੈਪਟਾਪ ਬੈਗ ਆਦਿ ਲੈ ਕੇ ਜਾਣਾ ਪਿਆ।
ਉੱਥੇ ਕੋਈ ਸਾਈਨਬੋਰਡ ਨਹੀਂ ਸੀ ਜਿੱਥੇ ਇਹ ਦਰਸਾਇਆ ਗਿਆ ਹੋਵੇ ਕਿ ਟਰਾਲੀ ਜਾਂ ਵ੍ਹੀਲਚੇਅਰ ਦੀ ਕਿਹੜੀ ਥਾਂ ਹੈ ਤੇ ਉਹ ਕਿੱਥੇ ਮਿਲ ਸਕਦੀ ਹੈ। ਹਵਾਈ ਅੱਡੇ ਨਵੇਂ ਬਨਾਉਣ, ਉਹਨਾਂ ਦੇ ਵਿਕਾਸ ’ਤੇ ਕਰੋੜਾਂ ਰੁਪਏ ਖ਼ਰਚੇ ਜਾਂਦੇ ਹਨ ਅਤੇ ਯਾਤਰੀਆਂ ਤੋਂ ਟਿਕਟ ਦੇ ਕਿਰਾਏ ਵਿੱਚ ਉਪਭੋਗਤਾ ਫ਼ੀਸ ਦੀ ਵੀ ਵਸੂਲੀ ਕੀਤੀ ਜਾਂਦੀ ਹੈ, ਫਿਰ ਵੀ ਇਹ ਬੁਨਿਆਦੀ ਸੁਵਿਧਾਵਾਂ ਉਪਲੱਬਧ ਨਹੀਂ ਹੋ ਰਹੀਆਂ।”
ਉਹਨਾਂ ਨੇ ਰਵਾਨਗੀ ਟਰਮੀਨਲ ਵਾਲੇ ਪਾਸੇ ਇੱਕ ਵੱਖਰਾ, ਸਪੱਸ਼ਟ ਤੌਰ ’ਤੇ ਨਿਸ਼ਾਨਬੱਧ ਟਰਾਲੀ ਪਿਕਅੱਪ ਜ਼ੋਨ ਬਣਾਉਣ ਅਤੇ ਸਟਾਫ਼ ਨਿਯੁਕਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। “ਜੇ ਲੋੜ ਹੋਵੇ ਤਾਂ ਟਰਾਲੀਆਂ ਦੇ ਕਿਰਾਏ ਲਈ ਆਟੋਮੇਟਿਕ ਭੁਗਤਾਨ ਮਸ਼ੀਨਾਂ ਲਗਾ ਦਿੱਤੀਆਂ ਜਾਣ — ਤਾਂ ਜੋ ਟਰਾਲੀਆਂ ਦੇ ਦੁਰਉਪਯੋਗ ਨੂੰ ਰੋਕਿਆ ਜਾ ਸਕੇ ਅਤੇ ਜਿਨ੍ਹਾਂ ਨੂੰ ਲੋੜ ਹੈ, ਸਿਰਫ਼ ਉਹੀ ਹੀ ਪੈਸੇ ਪਾ ਕੇ ਇਹਨਾਂ ਨੂੰ ਲਿਜਾ ਸਕਣ।”
ਗੁਮਟਾਲਾ ਨੇ ਇੱਕ ਹੋਰ ਗੰਭੀਰ ਸਮੱਸਿਆ ਵੱਲ ਵੀ ਧਿਆਨ ਦਿਵਾਇਆ — ਰਵਾਨਗੀ ਵਾਲੇ ਪਾਸੇ ’ਤੇ ਵ੍ਹੀਲਚੇਅਰ ਸਹਾਇਤਾ ਲਈ ਕੋਈ ਵਿਸ਼ੇਸ਼ ਬੂਥ ਜਾਂ ਨਿਯਤ ਸਹਾਇਕ ਨਹੀਂ ਹੁੰਦੀ, ਜਿਸ ਨਾਲ ਬਜ਼ੁਰਗਾਂ ਅਤੇ ਅੰਗਹੀਣ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਕਈ ਵਾਰ, ਜੋ ਸਹਾਇਤਾ ਕਰਮਚਾਰੀ ਮਿਲਦੇ ਹਨ, ਉਹ ਅਕਸਰ ਹੱਦ ਤੋਂ ਵੱਧ ਪੈਸੇ ਮੰਗਦੇ ਹਨ, ਅਤੇ ਲੋੜਵੰਦਾਂ ਦੀ ਲਾਚਾਰੀ ਦਾ ਫ਼ਾਇਦਾ ਉਠਾਉਂਦੇ ਹਨ।